ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਵਿੱਤੀ ਸਾਲ 2024-25 ਲਈ ਸੂਬਾ ਸਰਕਾਰ ਦਾ ਬਜਟ ਪੇਸ਼ ਕਰਦੇ ਹੋਏ ਗਾਂ ਅਤੇ ਮੱਝ ਦੇ ਦੁੱਧ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿਚ ਵਾਧੇ ਦਾ ਐਲਾਨ ਕੀਤਾ। ਗਾਂ ਦਾ ਦੁੱਧ 38 ਰੁਪਏ ਤੋਂ ਵਧਾ ਕੇ 45 ਰੁਪਏ ਪ੍ਰਤੀ ਲਿਟਰ ਅਤੇ ਮੱਝ ਦਾ 38 ਰੁਪਏ ਤੋਂ ਵਧਾ ਕੇ 55 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ।
ਟਰੰਪ ਨੂੰ ਧੋਖਾਧੜੀ ’ਚ 36 ਕਰੋੜ ਡਾਲਰ ਦਾ ਜੁਰਮਾਨਾ
ਨਿਊ ਯਾਰਕ : ਇੱਥੋਂ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾ ਕੇ 36 ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਜੱਜ ਨੇ ਆਪਣੇ ਫੈਸਲੇ ’ਚ ਕਿਹਾ ਕਿ ਟਰੰਪ ਦੀ ਸਾਲਾਂ ਤੋਂ ਚੱਲੀ ਆ ਰਹੀ ਯੋਜਨਾ ’ਚ ਇਸ ਤਰ੍ਹਾਂ ਦੇ ਵਿੱਤੀ ਵੇਰਵੇ ਪੇਸ਼ ਕੀਤੇ ਗਏ, ਜਿਨ੍ਹਾਂ ਨਾਲ ਇਹ ਭਰਮ ਪੈਦਾ ਕਰਨਾ ਸੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਅਸਲ ’ਚ ਬਹੁਤ ਮਹਿੰਗੀਆਂ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਅਮੀਰ ਦਿਖਾਉਂਦਿਆਂ ਟਰੰਪ ਬੈਂਕਾਂ ਤੋਂ ਕਈ ਰਿਆਇਤਾਂ ਨਾਲ ਕਰਜ਼ੇ ਹਾਸਲ ਕਰਨ ਦੇ ਯੋਗ ਹੋ ਗਿਆ, ਜਦ ਕਿ ਅਸਲ ’ਚ ਅਜਿਹਾ ਨਹੀਂ ਸੀ। ਟਰੰਪ ’ਤੇ ਤਿੰਨ ਸਾਲ ਤੱਕ ਨਿਊ ਯਾਰਕ ’ਚ ਕਿਸੇ ਵੀ ਦਫਤਰ ’ਚ ਅਧਿਕਾਰੀ ਜਾਂ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ।




