ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਨੇ ਗੁਆਂਢੀ ਸੂਬੇ ਬਿਹਾਰ ਦੀ ਤਰਜ਼ ’ਤੇ ਜਾਤੀ ਅਧਾਰਤ ਸਰਵੇਖਣ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਅਮਲਾ ਵਿਭਾਗ ਨੂੰ ਇੱਕ ਡਰਾਫਟ ਤਿਆਰ ਕਰਨ ਅਤੇ ਪ੍ਰਵਾਨਗੀ ਲਈ ਮੰਤਰੀ ਮੰਡਲ ਦੇ ਸਾਹਮਣੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀ ਨੇ ਕਿਹਾ ਕਿ ਜੇ ਸਭ ਕੁਝ ਯੋਜਨਾ ਮੁਤਾਬਕ ਚਲਦਾ ਹੈ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਅਭਿਆਸ ਸ਼ੁਰੂ ਹੋ ਜਾਵੇਗਾ।
ਡਬਲ ਇੰਜਣ ਮਤਲਬ ਡਬਲ ਝਟਕਾ : ਰਾਹੁਲ
ਨਵੀਂ ਦਿੱਲੀ : ਯੂ ਪੀ ’ਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ ਲਈ ਦੂਹਰਾ ਝਟਕਾ ਹੈ। ਐੱਕਸ ’ਤੇ ਹਿੰਦੀ ’ਚ ਇੱਕ ਪੋਸਟ ’ਚ ਰਾਹੁਲ ਨੇ ਕਿਹਾਅੱਜ ਯੂ ਪੀ ਦਾ ਹਰ ਤੀਜਾ ਨੌਜਵਾਨ ‘ਬੇਰੁਜ਼ਗਾਰੀ ਦੀ ਬਿਮਾਰੀ’ ਤੋਂ ਪੀੜਤ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੱਥੇ 1.5 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਹਨ, ਉਥੇ ਹੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ ਐੱਚ ਡੀ ਹੋਲਡਰ ਘੱਟੋ-ਘੱਟ ਯੋਗਤਾ ਦੀ ਲੋੜ ਵਾਲੀਆਂ ਅਸਾਮੀਆਂ ਦੀ ਕਤਾਰ ’ਚ ਖੜ੍ਹੇ ਹਨ। ਫੌਜ ਤੋਂ ਰੇਲਵੇ ਅਤੇ ਸਿੱਖਿਆ ਤੋਂ ਲੈ ਕੇ ਪੁਲਸ ਤੱਕ ਦੀ ਭਰਤੀ ਲਈ ਸਾਲਾਂ ਦੀ ਉਡੀਕ ਕਰਨ ਤੋਂ ਬਾਅਦ ਲੱਖਾਂ ਵਿਦਿਆਰਥੀ ਓਵਰਏਜ ਹੋ ਗਏ ਹਨ। ਨਿਰਾਸ਼ਾ ਦੇ ਇਸ ਭੁਲੇਖੇ ’ਚ ਫਸਿਆ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਟੁੱਟ ਰਿਹਾ ਹੈ। ਇਸ ਸਭ ਤੋਂ ਦੁਖੀ ਹੋ ਕੇ ਜਦੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਨਿਕਲਦਾ ਹੈ ਤਾਂ ਪੁਲਸ ਵੱਲੋਂ ਉਸ ਨੂੰ ਡੰਡੇ ਮਾਰੇ ਜਾਂਦੇ ਹਨ। ਕਾਂਗਰਸ ਦੀਆਂ ਨੀਤੀਆਂ ਨੌਜਵਾਨਾਂ ਦੇ ਸੁਪਨਿਆਂ ਨਾਲ ਇਨਸਾਫ ਕਰਨਗੀਆਂ ਤੇ ਪਾਰਟੀ ਉਨ੍ਹਾਂ ਦੀ ਤਪੱਸਿਆ ਨੂੰ ਵਿਅਰਥ ਨਹੀਂ ਜਾਣ ਦੇਵੇਗੀ।



