ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਇੱਥੇ ਭਾਜਪਾ ਦੀ ਕੌਮੀ ਕਨਵੈਨਸ਼ਨ ਵਿਚ ਕਿਹਾ ਕਿ ਉਨ੍ਹਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਦੇਸ਼ਾਂ ਤੋਂ ਜੁਲਾਈ, ਅਗਸਤ ਤੇ ਸਤੰਬਰ ਵਿਚ ਦੌਰੇ ਕਰਨ ਦੇ ਸੱਦੇ ਮਿਲ ਰਹੇ ਹਨ। ਇਸ ਦਾ ਮਤਲਬ ਹੈ ਕਿ ਦੂਜੇ ਦੇਸ਼ ਵੀ ਮੰਨ ਰਹੇ ਹਨ ਕਿ ਭਾਜਪਾ ਲਗਾਤਾਰ ਤੀਜੀ ਵਾਰ ਕੇਂਦਰ ਵਿਚ ਸਰਕਾਰ ਬਣਾਏਗੀ। ਉਹ ਜਾਣਦੇ ਹਨ ਕਿ ਆਏਗਾ ਤੋ ਮੋਦੀ ਹੀ।
ਕਨਵੈਨਸ਼ਨ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਗਾਮੀ ਲੋਕ ਸਭਾ ਚੋਣਾਂ ਦੀ ਤੁਲਨਾ ਮਹਾਭਾਰਤ ਯੁੱਧ ਨਾਲ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੀ ਭਾਜਪਾ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਕਾਂਗਰਸ ਦੇ ਅਧੀਨ ‘ਇੰਡੀਆ’ ਗਠਜੋੜ ਪਰਵਾਰਕ ਪਾਰਟੀਆਂ ਅਤੇ ਭਿ੍ਰਸ਼ਟਾਚਾਰ ਨਾਲ ਭਰਿਆ ਹੋਇਆ ਹੈ। ਇੱਥੇ ਭਾਜਪਾ ਦੇ ਕੌਮੀ ਸੰਮੇਲਨ ’ਚ ਸ਼ਾਹ ਨੇ ਕਿਹਾ ਕਿ ਲੋਕਾਂ ਦੇ ਦਿਮਾਗ ’ਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਤੀਜੀ ਵਾਰ ਸੱਤਾ ਸੰਭਾਲਣਗੇ।
ਉਨ੍ਹਾ ਸੋਨੀਆ ਗਾਂਧੀ, ਸ਼ਰਦ ਪਵਾਰ, ਲਾਲੂ ਪ੍ਰਸਾਦ ਅਤੇ ਐੱਮ ਕੇ ਸਟਾਲਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਆਪਣੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਣਾਉਣ ਬਾਰੇ ਸੋਚਦੇ ਹਨ।