ਮੁੰਬਈ : ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਸੰਜੇ ਰਾਊਤ ਨੇ ਐਤਵਾਰ ਕਿਹਾ ਕਿ ਭਾਜਪਾ ਮਹਾਰਾਸ਼ਟਰ ਵਿਚ ਸਿਆਸੀ ਚਕਲਾ ਚਲਾ ਰਹੀ ਹੈ ਤੇ ਸੂਬੇ ਦੇ ਕਲਚਰ ਵਿਚ ਗੰਦ ਪਾਉਣ ਲਈ ਉਹੀ ਜ਼ਿੰਮੇਵਾਰ ਹੈ। ਪਾਰਟੀ ਦੇ ਤਰਜਮਾਨ ‘ਸਾਮਨਾ’ ਵਿਚ ਆਪਣੇ ਕਾਲਮ ‘ਰੋਕਠੋਕ’ ਵਿਚ ਰਾਜ ਸਭਾ ਮੈਂਬਰ ਰਾਊਤ ਨੇ ਲਿਖਿਆ ਹੈ ਕਿ ਸਾਬਕਾ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਆਪਣੇ ਨਾਲ ਰਲਾਉਣ ਤੋਂ ਸਾਫ ਹੈ ਕਿ ਭਾਜਪਾ ਨੂੰ ਲੋਕ ਸਭਾ ਦੀਆਂ 200 ਤੋਂ ਵੱਧ ਸੀਟਾਂ ਮਿਲਣ ਦਾ ਵਿਸ਼ਵਾਸ ਨਹੀਂ। ਰਾਊਤ ਨੇ ਦੋਸ਼ ਲਾਇਆ ਮਹਾਰਾਸ਼ਟਰ ਸਿਆਸਤ ਵਿਚ ਪ੍ਰਗਤੀਸ਼ੀਲ ਤੇ ਅਧੁਨਿਕ ਵਿਚਾਰਾਂ ਲਈ ਜਾਣਿਆ ਜਾਂਦਾ ਸੀ, ਪਰ ਭਾਜਪਾ ਨੇ ਦਲਬਦਲੀਆਂ ਕਰਵਾ ਕੇ ਇਸ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ ਹੈ। ਉਨ੍ਹਾ ਕਿਹਾਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਸਾਬਕਾ ਸਾਂਸਦ ਕੀਰਤ ਸੋਮਈਆ ਕਦੇ ਚਵਾਨ ਦੇ ਕੱਟੜ ਅਲੋਚਕ ਹੁੰਦੇ ਸਨ। ਉਨ੍ਹਾਂ ਨੇ ਉਸ ਵਿਰੁੱਧ ਗੰਭੀਰ ਦੋਸ਼ ਲਾਏ ਸਨ, ਪਰ ਚਵਾਨ ਜਦੋਂ ਭਾਜਪਾ ਵਿਚ ਸ਼ਾਮਲ ਹੋਏ ਤਾਂ ਫੜਨਵੀਸ ਕੋਲ ਖੜ੍ਹੇ ਸਨ। ਫੜਨਵੀਸ ਨੇ ਇਕ ਵਾਰ ਚਵਾਨ ਨੂੰ ਡੀਲਰ ਕਿਹਾ ਸੀ। ਹੁਣ ਫੜਨਵੀਸ ਨੂੰ ਚਵਾਨ ਨਾਲ ਡੀਲ ਕਰਨੀ ਪਈ ਹੈ।
ਰਾਊਤ ਨੇ ਅੱਗੇ ਕਿਹਾ ਹੈਭਾਜਪਾ ਹੁਣ ਸੂਬੇ ਵਿਚ ਸਿਆਸੀ ਚਕਲਾ ਚਲਾ ਰਹੀ ਹੈ ਅਤੇ ਹੁਣ ਇਸ ਦਾ ਅੰਤ ਸ਼ੁਰੂ ਹੋ ਗਿਆ ਹੈ। ਇਸ ਨੇ ਛਗਨ ਭੁਜਬਲ ’ਤੇ ਮਹਾਰਾਸ਼ਟਰ ਸਦਨ ਦੀ ਉਸਾਰੀ ਵਿਚ ਕੁਰੱਪਸ਼ਨ ਦਾ ਦੋਸ਼ ਲਾਇਆ ਸੀ, ਅਜੀਤ ਪਵਾਰ ’ਤੇ ਸਿੰਜਾਈ ਤੇ ਸਹਿਕਾਰੀ ਬੈਂਕ ਘਪਲਿਆਂ ਦਾ ਦੋਸ਼ ਲਾਇਆ ਸੀ, ਅਸ਼ੋਕ ਚਵਾਨ ’ਤੇ ਆਦਰਸ਼ ਸੁਸਾਇਟੀ ਘਪਲੇ ਦਾ ਦੋਸ਼ ਲਾਇਆ ਸੀ। ਫੜਨਵੀਸ ਆਪੋਜ਼ੀਸ਼ਨ ਵਿਚ ਹੁੰਦਿਆਂ ਇਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਣ ਦੀਆਂ ਗੱਲਾਂ ਕਰਦੇ ਸੀ, ਪਰ ਹੁਣ ਇਹ ਸਾਰੇ ਉਨ੍ਹਾ ਦੇ ਪਾਰਟੀ ਸਾਥੀ ਹਨ ਜਾਂ ਤਾਂ ਭਾਜਪਾ ਦੇ ਦੋਸ਼ ਜਾਲ੍ਹੀ ਸਨ ਜਾਂ ਭਾਜਪਾ ਵਿਚ ਆਉਣ ਤੋਂ ਬਾਅਦ ਕੁਰੱਪਸ਼ਨ ਲੁਕ ਗਈ ਹੈ। ਇਤਿਹਾਸ ਭਾਜਪਾ ਨੂੰ ਦੇਸ਼ ਦੀ ਬੇਸ਼ਰਮ ਤੇ ਗੈਰਇਖਲਾਕੀ ਸੰਸਥਾ ਵਜੋਂ ਯਾਦ ਕਰੇਗੀ। ਭਾਜਪਾ ਨੂੰ ਲੋਕ ਸਭਾ ਵਿਚ ਮੋਦੀ ਦੇ ਚਿਹਰੇ ਨਾਲ 200 ਤੋਂ ਵੱਧ ਸੀਟਾਂ ਦੀ ਉਮੀਦ ਨਹੀਂ, ਇਸ ਕਰਕੇ ਉਹ ਦੇਸ਼-ਭਰ ਦੇ ਕੁਰੱਪਟ ਚਿਹਰੇ ਇਕੱਠੇ ਕਰ ਰਹੀ ਹੈ। ਰਾਊਤ ਨੇ ਲੋਕ ਸਭਾ ਚੋਣਾਂ ਬਾਰੇ ਇਕ ਸਰਵੇ ਦਾ ਹਵਾਲਾ ਦਿੰਦਿਆਂ ਕਿਹਾਆਰ ਐੱਸ ਐੱਸ ਦੇ ਅੰਦਰਲੇ ਬੰਦਿਆਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਸਿਰਫ 190 ਸੀਟਾਂ ਹੀ ਮਿਲਣੀਆਂ ਹਨ। ਇਸ ਦਾ ਮਤਲਬ 2024 ਦੀਆਂ ਲੋਕ ਸਭਾ ਚੋਣਾਂ ਵਿਚ ਜ਼ਬਰਦਸਤ ਸਿਆਸੀ ਉਥਲ-ਪੁਥਲ ਹੋਣ ਜਾ ਰਹੀ ਹੈ।