ਸ਼ਾਹ ਆਲਮ (ਮਲੇਸ਼ੀਆ) : ਭਾਰਤ ਨੇ ਐਤਵਾਰ ਥਾਈਲੈਂਡ ਨੂੰ 3-2 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਚੈਂਪੀਅਨਸ਼ਿਪ 2016 ਤੋਂ ਚੱਲ ਰਹੀ ਹੈ ਤੇ ਐਤਕੀਂ ਪੰਜਵੀਂ ਚੈਂਪੀਅਨਸ਼ਿਪ ਸੀ। ਇਸ ਤੋਂ ਪਹਿਲਾਂ ਮਰਦਾਂ ਦੀ ਟੀਮ ਨੇ 2016 ਤੇ 2020 ਵਿਚ ਕਾਂਸੀ ਦੇ ਤਮਗੇ ਜਿੱਤੇ ਸਨ। ਫਾਈਨਲ ਦੇ ਪਹਿਲੇ ਮੁਕਾਬਲੇ ਵਿਚ ਸਾਬਕਾ ਵਿਸ਼ਵ ਚੈਂਪੀਅਨ ਤੇ ਦੋ ਵਾਰ ਉਲੰਪਿਕ ਤਮਗਾ ਜਿੱਤਣ ਵਾਲੀ ਪੀ ਵੀ ਸਿੰਧੂ ਨੇ ਸੁਪਾਨਿਡਾ ਕਾਟੇਥੋਂਗ ਨੂੰ 21-12, 21-12 ਨਾਲ ਹਰਾ ਕੇ ਲੀਡ ਦਿਵਾਈ। ਟਰੀਜ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਜੋਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਡਾ ਦੀ ਜੋੜੀ ਨੂੰ 21-16, 18-21, 21-16 ਨਾਲ ਹਰਾ ਕੇ ਲੀਡ 2-0 ਦੀ ਕਰ ਦਿੱਤੀ। ਬੁਸਾਨਨ ਓਂਗਬਾਮਰੁੰਗਫਾਨ ਨੇ ਭਾਰਤ ਦੀ ਅਸਮਿਤਾ ਚਾਲੀਹਾ ਨੂੰ 21-11, 21-14 ਨਾਲ ਹਰਾ ਕੇ ਥਾਈਲੈਂਡ ਦੀ ਮੈਚ ਵਿਚ ਵਾਪਸੀ ਕਰਵਾਈ। ਬੇਨਯਾਪਾ ਤੇ ਨੁਨਤਾਕਰਣ ਐਮਸਾਰਡ ਦੀ ਜੋੜੀ ਨੇ ਪਿ੍ਰਆ ਤੇ ਸ਼ਰੁਤੀ ਦੀ ਭਾਰਤੀ ਨੂੰ ਜੋੜੀ ਨੂੰ 21-11, 21-9 ਨਾਲ ਹਰਾ ਕੇ ਮੁਕਾਬਲਾ ਬਰਾਬਰੀ ’ਤੇ ਲੈ ਆਂਦਾ। 17 ਸਾਲ ਦੀ ਅਨਮੋਲ ਖਰਬ ਨੇ ਚੋਈਕੀਵੋਂਗ ਪੋਰਨਪਿਚਾ ਨੂੰ 21-14, 21-9 ਨਾਲ ਹਰਾ ਕੇ ਖਿਤਾਬ ਭਾਰਤ ਦੇ ਨਾਂਅ ਕਰਵਾ ਦਿੱਤਾ। ਸੈਮੀਫਾਈਨਲ ਵਿਚ ਭਾਰਤ ਨੇ ਸ਼ਨੀਵਾਰ ਦੋ ਵਾਰ ਦੇ ਜੇਤੂ ਜਾਪਾਨ ਨੂੰ 3-2 ਅਤੇ ਥਾਈਲੈਂਡ ਨੇ ਇੰਡੋਨੇਸ਼ੀਆ ਨੂੰ 3-1 ਨਾਲ ਹਰਾਇਆ ਸੀ।