32.7 C
Jalandhar
Saturday, July 27, 2024
spot_img

ਭਾਜਪਾ ਦਾ ਚਿੱਕੜ ਤੇ ਕਾਂਗਰਸ ਦਾ ਕਚਰਾ

ਪਿਛਲੇ ਮੰਗਲਵਾਰ ਦੇ ਸੰਪਾਦਕੀ ਵਿੱਚ ਅਸੀਂ ਲਿਖਿਆ ਸੀ ਕਿ ਇਸ ਸਮੇਂ ਮੁੱਖ ਲੜਾਈ ਤਾਨਾਸ਼ਾਹੀ ਤੇ ਲੋਕਤੰਤਰੀ ਵਿਚਾਰਧਾਰਾ ਵਿਚਕਾਰ ਹੈ। ਰਾਹੁਲ ਗਾਂਧੀ ਵੀ ਆਪਣੀ ਯਾਤਰਾ ਦੌਰਾਨ ਵਾਰ-ਵਾਰ ਇਹੋ ਕਹਿ ਰਹੇ ਹਨ। ਅਸੀਂ ਇਹ ਵੀ ਲਿਖਿਆ ਸੀ ਕਿ ਜਿਓਂ-ਜਿਓਂ ਇਹ ਲੜਾਈ ਤੇਜ਼ ਹੋਵੇਗੀ, ਕਾਂਗਰਸ ਵਿਚਲੇ ਮੌਕਾਪ੍ਰਸਤ ਲੋਕ ਇਸ ਵਿੱਚੋਂ ਬਾਹਰ ਚਲੇ ਜਾਣਗੇ। ਅਸੀਂ ਕੋਈ ਜੋਤਸ਼ੀ ਨਹੀਂ, ਇਹ ਗੱਲ ਅਸੀਂ ਤਾਂ ਕਹੀ ਸੀ, ਕਿਉਂਕਿ ਕਾਂਗਰਸ ਦਾ ਮੌਜੂਦਾ ਜਥੇਬੰਦ ਸਰੂਪ ਇਹ ਲੜਾਈ ਲੜਨ ਦੇ ਯੋਗ ਨਹੀਂ ਹੈ।
ਲੰਮੇ ਸਮੇਂ ਸੱਤਾ ਵਿੱਚ ਰਹੀ ਹੋਣ ਕਾਰਨ ਕਾਂਗਰਸ ਹੌਲੀ-ਹੌਲੀ ਜਨ ਪਾਰਟੀ ਦੀ ਥਾਂ ਦਰਬਾਰੀ ਆਗੂਆਂ ਦੀ ਪਾਰਟੀ ਬਣ ਚੁੱਕੀ ਹੈ। ਇਨ੍ਹਾਂ ਆਗੂਆਂ ਨੂੰ ਹਰ ਹਾਲ ਸਰਕਾਰੀ ਕੁਰਸੀ ਚਾਹੀਦੀ ਹੈ। ਸੱਤਾ ਇਨ੍ਹਾਂ ਲਈ ਦੁਕਾਨਦਾਰੀ ਹੈ। ਇੱਕ ਸਮਾਂ ਸੀ, ਜਦੋਂ ਕਾਂਗਰਸ ਵਿੱਚ ਹੇਠਲੇ ਪੱਧਰ ’ਤੇ ਕਾਂਗਰਸ ਸੇਵਾ ਦਲ ਹੁੰਦਾ ਸੀ, ਜਿਹੜਾ ਲੋਕਾਂ ਨਾਲ ਜੁੜਿਆ ਰਹਿੰਦਾ ਸੀ। ਦਰਬਾਰੀ ਆਗੂਆਂ ਦੀ ਪੈਦਾ ਹੋਈ ਜਮਾਤ ਨੇ ਕਾਂਗਰਸ ਸੇਵਾ ਦਲ ਦੀ ਥਾਂ ਹੇਠਲੇ ਪੱਧਰ ’ਤੇ ਆਪਣੇ ਦਲਾਲਾਂ ਦੀ ਫੌਜ ਭਰਤੀ ਕਰ ਲਈ। ਇਨ੍ਹਾਂ ਆਗੂਆਂ ਦੀ ਇੱਕੋ ਸਮਝ ਸੀ, ਅੰਨ੍ਹੇਵਾਹ ਪੈਸਾ ਖਰਚ ਕੇ ਕੁਰਸੀ ਹਥਿਆਓ ਤੇ ਮੁੜ ਭਿ੍ਰਸ਼ਟਾਚਾਰ ਦੀ ਦਲਦਲ ਵਿੱਚ ਖੁੱਭ ਕੇ ਤਿਜੌਰੀਆਂ ਭਰੋ ਤੇ ਕੁਝ ਬੁਰਕੀ ਆਪਣੇ ਚਮਚੇ-ਚਾਟੜਿਆਂ ਮੂਹਰੇ ਸੁੱਟ ਦਿਓ।
ਇਹੋ ਆਗੂ ਸਨ, ਜਿਨ੍ਹਾਂ ਆਪਣੇ ਪੁੱਤ-ਪੋਤਰਿਆਂ ਨੂੰ ਕੁਰਸੀਆਂ ’ਤੇ ਪੁਚਾਉਣ ਲਈ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੌਜਵਾਨ ਪੀੜ੍ਹੀ ਦੇ ਲੋਕਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਸਨ। ਅੱਜ ਜੋ ਕਾਂਗਰਸ ਦੀ ਹਾਲਤ ਹੈ, ਉਸ ਲਈ ਇਹੋ ਘਾਗ ਕਹੇ ਜਾਂਦੇ ਆਗੂ ਜ਼ਿੰਮੇਵਾਰ ਹਨ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਜਾਣ ਬਾਅਦ ਜਦੋਂ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣੇ ਤਾਂ ਉਹ ਸਮਝ ਗਏ ਸਨ ਕਿ ਕਾਂਗਰਸ ਅੰਦਰ ਨੌਜਵਾਨਾਂ ਨੂੰ ਲਿਆਂਦੇ ਬਿਨਾਂ ਇਸ ਨੂੰ ਬਚਾਇਆ ਨਹੀਂ ਜਾ ਸਕਦਾ। ਕਾਂਗਰਸ ਵਿੱਚ ਪੈਦਾ ਹੋ ਚੁੱਕੀ ਇਨ੍ਹਾਂ ਆਗੂਆਂ ਦੀ ਜਮਾਤ ਨੇ ਉਸ ਦੇ ਪੈਰ ਨਾ ਲੱਗਣ ਦਿੱਤੇ। ਆਖਰ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਛੱਡਣੀ ਪਈ। ਰਾਹੁਲ ਗਾਂਧੀ ਨੇ ਜਦੋਂ ਦੁਬਾਰਾ ਸਰਗਰਮੀ ਫੜੀ ਤਾਂ ਇਨ੍ਹਾਂ ਦਰਬਾਰੀ ਆਗੂਆਂ ਨੇ ਜੀ-23 ਗੁੱਟ ਬਣਾ ਕੇ ਕਾਂਗਰਸ ਨੂੰ ਦੋਫਾੜ ਕੀਤੇ ਜਾਣ ਦੀ ਹਾਲਤ ਪੈਦਾ ਕਰ ਦਿੱਤੀ।
ਪਿਛਲੇ ਸਾਲ ਜਦੋਂ ਰਾਹੁਲ ਨੇ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਤਾਂ ਉਸ ਨੂੰ ਸਮਝ ਆਈ ਕਿ ਅਸਲ ਲੜਾਈ ਵੱਡੇ ਕਾਰਪੋਰੇਟਾਂ ਦੇ ਵਿਰੁੱਧ ਹੈ, ਜੋ ਆਮ ਜਨਤਾ ਨੂੰ ਨਾਲ ਲੈ ਕੇ ਹੀ ਲੜੀ ਜਾ ਸਕਦੀ ਹੈ। ਇਹੋ ਵਿਚਾਰਧਾਰਕ ਲੜਾਈ ਹੈ, ਜਿਸ ਕਾਰਨ ਭਿ੍ਰਸ਼ਟ ਤੇ ਕਾਰਪੋਰੇਟ ਪੱਖੀ ਆਗੂ ਕਾਂਗਰਸ ਨੂੰ ਛੱਡ ਰਹੇ ਹਨ। ਅਸਲ ਵਿੱਚ ਇਹ ਸਾਰੇ ਰਾਜਨੀਤੀ ਦਾ ਕਚਰਾ ਹਨ, ਜਿਨ੍ਹਾਂ ਦੀ ਅਸਲ ਥਾਂ ਚਿੱਕੜ ਹੈ, ਉੱਥੇ ਉਹ ਜਾ ਰਹੇ ਹਨ। ਰਾਹੁਲ ਗਾਂਧੀ ਦੀ ਹਾਲੀਆ ‘ਭਾਰਤ ਜੋੜੋ ਨਿਆਏ ਯਾਤਰਾ’ ਨੇ ਹਰ ਥਾਂ ਹਜ਼ਾਰਾਂ ਨੌਜਵਾਨਾਂ ਅੰਦਰ ਕਾਂਗਰਸ ਨਾਲ ਜੁੜਨ ਦੀ ਉਮੀਦ ਜਗਾਈ ਹੈ। ਪੁਰਾਣੇ ਜਿੰਨੇ ਆਗੂ ਕਾਂਗਰਸ ਤੋਂ ਦੂਰ ਹੋਣਗੇ, ਓਨੇ ਦਰਵਾਜ਼ੇ ਨਵਿਆਂ ਲਈ ਖੁੱਲ੍ਹਣਗੇ।
ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਯਾਤਰਾ ਓਡੀਸ਼ਾ ਵਿੱਚ ਗਈ ਸੀ। ਓਡੀਸ਼ਾ ਦੀਆਂ ਵਿਧਾਨ ਸਭਾ ਚੋਣਾਂ ਵੀ ਲੋਕ ਸਭਾ ਨਾਲ ਹੋਣੀਆਂ ਹਨ। ਇਸ ਯਾਤਰਾ ਨੇ ਓਡੀਸ਼ਾ ਦਾ ਸਿਆਸੀ ਨਕਸ਼ਾ ਹੀ ਬਦਲ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ ਆਪਣੇ ਸਾਫਟਵੇਅਰ ‘ਪ੍ਰਗਮਨ’ ਰਾਹੀਂ ਵਿਧਾਨ ਸਭਾ ਤੇ ਲੋਕ ਸਭਾ ਚੋਣ ਲੜਨ ਦੀ ਇੱਛਾ ਰੱਖਣ ਵਾਲਿਆਂ ਤੋਂ ਦਰਖਾਸਤਾਂ ਮੰਗੀਆਂ ਗਈਆਂ ਸਨ। ਇਸ ਲਈ 4 ਤੋਂ 11 ਫ਼ਰਵਰੀ ਦਾ ਸਮਾਂ ਦਿੱਤਾ ਗਿਆ ਸੀ। ਦਰਖਾਸਤ ਦੇਣ ਵਾਲਿਆਂ ਇੱਛੁਕਾਂ ਨੇ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਸਨ। ਪਿਛਲੀਆਂ 2019 ਦੀਆਂ ਚੋਣਾਂ ਵਿੱਚ 147 ਵਿਧਾਨ ਸਭਾ ਸੀਟਾਂ ਲਈ 435 ਲੋਕਾਂ ਨੇ ਦਰਖਾਸਤਾਂ ਦਿੱਤੀਆਂ ਸਨ ਤੇ ਲੋਕ ਸਭਾ ਦੀਆਂ 21 ਸੀਟਾਂ ਲਈ ਸਿਰਫ਼ 70 ਉਮੀਦਵਾਰ ਹੀ ਸਾਹਮਣੇ ਆਏ ਸਨ। ਇਸ ਵਾਰ ਵਿਧਾਨ ਸਭਾ ਦੀਆਂ ਟਿਕਟਾਂ ਮੰਗਣ ਵਾਲਿਆਂ ਦੀ ਗਿਣਤੀ 2500 ਤੇ ਲੋਕ ਸਭਾ ਦੀਆਂ ਟਿਕਟਾਂ ਮੰਗਣ ਵਾਲਿਆਂ ਦੀ ਗਿਣਤੀ 670 ਤੱਕ ਪੁੱਜ ਚੁੱਕੀ ਹੈ। ਓਡੀਸ਼ਾ ਵਿੱਚ ਕਾਂਗਰਸ ਸਾਲ 2000 ਤੋਂ ਰਾਜ ਦੀ ਸੱਤਾ ’ਚੋਂ ਬਾਹਰ ਹੈ। ਉਸ ਦੇ ਸਿਰਫ਼ 9 ਵਿਧਾਇਕ ਤੇ ਇੱਕ ਸਾਂਸਦ ਹਨ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਉਸ ਨੂੰ ਸੂਬੇ ਵਿੱਚ ਤੀਜੀ ਥਾਂ ਉੱਤੇ ਧੱਕ ਦਿੱਤਾ ਸੀ। ਇਸ ਵਾਰ ਜਾਪਦਾ ਹੈ ਕਿ ਕਾਂਗਰਸ ਤੇਲੰਗਾਨਾ ਵਾਂਗ ਓਡੀਸ਼ਾ ਵਿੱਚ ਵੀ ਬਾਜ਼ੀ ਮਾਰ ਜਾਵੇਗੀ।
ਕਮਲ ਨੂੰ ਚਿੱਕੜ ’ਚ ਖਿੜਨ ਦੇਣਾ ਚਾਹੀਦਾ ਹੈ। ਭਾਜਪਾ ਨੇ ਘਟੀਆ ਤੋਂ ਘਟੀਆ ਲੋਕਾਂ ਤੇ ਭਿ੍ਰਸ਼ਟਾਚਾਰ ਦੇ ਗੰਦੇ ਨਾਲੇ ਵਿੱਚ ਗੋਤੇ ਲਾਉਣ ਵਾਲਿਆਂ ਨੂੰ ਬੁੱਕਲ ’ਚ ਲੈ ਕੇ ਪਾਰਟੀ ਨੂੰ ਚਿੱਕੜ ਦਾ ਮਹਾਂਕੁੰਭ ਬਣਾ ਦਿੱਤਾ ਹੈ। ਇਸੇ ਚਿੱਕੜ ਵਿੱਚ ਇੱਕ ਦਿਨ ਜਨਤਾ ਤਾਨਾਸ਼ਾਹੀ ਨੂੰ ਦਫ਼ਨ ਕਰ ਦੇਵੇਗੀ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles