ਪਟਨਾ : ਜੂਨ 2023 ਵਿਚ ਬਣੇ ‘ਇੰਡੀਆ’ ਗਠਜੋੜ ਵੱਲੋਂ ਤਿੰਨ ਮਾਰਚ ਨੂੰ ਇੱਥੇ ਪਹਿਲੀ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲਾਲੂ ਪ੍ਰਸਾਦ ਯਾਦਵ, ਰਾਹੁਲ ਗਾਂਧੀ ਤੋਂ ਇਲਾਵਾ ਖੱਬੀਆਂ ਪਾਰਟੀਆਂ ਦੇ ਆਗੂ ਵੀ ਸੰਬੋਧਨ ਕਰਨਗੇ। ‘ਜਨ ਵਿਸ਼ਵਾਸ ਮਹਾਂ ਰੈਲੀ’ ਦਿਖਾਏਗੀ ਕਿ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਰਲਣ ਦੇ ਬਾਵਜੂਦ ‘ਇੰਡੀਆ’ ਮੁਤਹਿਦ ਹੈ। ਰਾਜਦ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅੱਜਕੱਲ੍ਹ ਜਨ ਵਿਸ਼ਵਾਸ ਯਾਤਰਾ ’ਤੇ ਹਨ ਤੇ ਮਹਾਂ ਰੈਲੀ ਲਈ ਲਾਮਬੰਦੀ ਵੀ ਕਰ ਰਹੇ ਹਨ।
ਰਾਜਦ ਦੇ ਸੂਤਰਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਰਾਜਦ, ਕਾਂਗਰਸ ਤੇ ਖੱਬੀਆਂ ਪਾਰਟੀਆਂ ਸੀਟ ਐਡਜਸਟਮੈਂਟ ਕਰ ਲੈਣਗੀਆਂ।
ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਐਤਵਾਰ ਆਗਰਾ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸ਼ਾਮਲ ਹੋਏ ਤੇ ਦੋਵਾਂ ਨੇ ਇਕ ਕਿੱਲੋਮੀਟਰ ਲੰਮਾ ਰੋਡ ਸ਼ੋਅ ਕੀਤਾ। ਰਾਹੁਲ ਨੇ ਅਖਿਲੇਸ਼ ਦੇ ਮੋਢੇ ’ਤੇ ਹੱਥ ਰੱਖ ਕੇ ਸੈਲਫੀ ਲਈ। ਇਸ ਦੌਰਾਨ ਦੋਹਾਂ ਪਾਰਟੀਆਂ ਦੇ ਵਰਕਰਾਂ ਨੇ ਦੋਹਾਂ ਆਗੂਆਂ ਦੇ ਹੱਕ ਵਿਚ ਨਾਅਰੇ ਬੁਲੰਦ ਕੀਤੇ। ਪਿ੍ਰਅੰਕਾ ਗਾਂਧੀ ਵੀ ਨਾਲ ਸੀ। ਇਸ ਮੌਕੇ ਅਖਿਲੇਸ਼ ਨੇ ਕਿਹਾ ਕਿ ਅੱਜ ਕਿਸਾਨ ਸਰਕਾਰ ਦੇ ਖਿਲਾਫ ਡਟੇ ਹੋਏ ਹਨ। ਸਰਕਾਰ ਕਿਸਾਨਾਂ ਦੀ ਤਾਕਤ ਤੋਂ ਘਬਰਾਈ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ ਤੇ ‘ਇੰਡੀਆ’ ਦੀ ਕੁਲੀਸ਼ਨ ਸਰਕਾਰ ਕਿਸਾਨਾਂ ਨੂੰ ਸਤਿਕਾਰ ਦੇਵੇਗੀ। ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਭ ਤੋਂ ਵੱਡੀ ਚੁਣੌਤੀ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਦੀ ਹੈ। ਡਾ. ਬੀ ਆਰ ਅੰਬੇਡਕਰ ਦੇ ਸੁਪਨਿਆਂ ਦੇ ਸੰਵਿਧਾਨ, ਜਿਸ ਨੂੰ ਭਾਜਪਾ ਨੇ ਤਬਾਹ ਕਰ ਦਿੱਤਾ ਹੈ, ਨੂੰ ਬਚਾਉਣ ਲਈ ‘ਭਾਜਪਾ ਹਟਾਓ, ਦੇਸ਼ ਬਚਾਓ’ ਦਾ ਨਾਅਰਾ ਸਾਕਾਰ ਕਰਨਾ ਪੈਣਾ ਹੈ। ਆਗੂਆਂ ਨੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ’ਤੇ ਪੁਸ਼ਪਾਂਜਲੀ ਵੀ ਅਰਪਤ ਕੀਤੀ। ਯਾਤਰਾ ਅਮਰੋਹਾ, ਸੰਭਲ, ਬੁਲੰਦਸ਼ਹਿਰ, ਅਲੀਗੜ੍ਹ ਤੇ ਹਾਥਰਸ ਹੁੰਦੀ ਹੋਈ ਆਗਰਾ ਪੁੱਜੀ ਸੀ। ਪਿ੍ਰਅੰਕਾ ਨੇ ਆਪਣੇ ਸੰਬੋਧਨ ਵਿਚ ਬੇਰੁਜ਼ਗਾਰੀ, ਕਿਸਾਨ ਪ੍ਰੋਟੈੱਸਟ ਤੇ ਮਹਿੰਗਾਈ ਦਾ ਜ਼ਿਕਰ ਕੀਤਾ, ਜਦਕਿ ਰਾਹੁਲ ਨੇ ਕਿਹਾ ਕਿ ਜਦੋਂ ਦਾ ਮੋਦੀ ਰਾਜ ਆਇਆ ਹੈ, ਲੋਕ ਬੇਇਨਸਾਫੀ ਝੱਲ ਰਹੇ ਹਨ।