ਮੁੰਬਈ : ਐੱਨ ਸੀ ਪੀ (ਸ਼ਰਦਚੰਦਰ ਪਵਾਰ) ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਖੇਤੀ ਵਿਗਿਆਨੀ ਡਾ. ਐੱਮ ਐੱਸ ਸਵਾਮੀਨਾਥਨ ਨੂੰ ਭਾਰਤ ਰਤਨ ਆਪਣੇ ਕਿਸਾਨ-ਵਿਰੋਧੀ ਪੈਂਤੜੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਦਿੱਤਾ। ਪਾਰਟੀ ਦੇ ਕੌਮੀ ਬੁਲਾਰੇ ਕਲਾਈਡੇ ਕ੍ਰੈਸਟੋ ਨੇ ਕਿਹਾ ਕਿ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਵਿੱਚੋਂ ਇਕ ਸਵਾਮੀਨਾਥਨ ਫਾਰਮੂਲੇ ਦੇ ਆਧਾਰ ’ਤੇ ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਲਾਗੂ ਕਰਨੀ ਹੈ, ਪਰ ਕੇਂਦਰ ਇਸ ਤੋਂ ਇਨਕਾਰੀ ਹੈ। ਕ੍ਰੈਸਟੋ ਨੇ ਇਕ ਬਿਆਨ ਵਿਚ ਕਿਹਾ ਕਿ ਕਿਸਾਨ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਮੰਗਾਂ ਦੱਸਣ ਲਈ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੇ 2020-21 ਵਿਚ ਵੀ ਪ੍ਰੋਟੈੱਸਟ ਕੀਤਾ ਸੀ ਤੇ ਕਈ ਜਾਨਾਂ ਗੁਆਈਆਂ ਸਨ। ਜੇ ਭਾਜਪਾ ਸੱਚੀਮੁੱਚੀਂ ਸਵਾਮੀਨਾਥਨ ਨੂੰ ਭਾਰਤ ਰਤਨ ਦੇਣਾ ਚਾਹੁੰਦੀ ਸੀ ਤਾਂ ਉਸ ਨੂੰ ਐੱਮ ਐੱਸ ਪੀ ਦਾ ਫਾਰਮੂਲਾ ਲਾਗੂ ਕਰਨਾ ਚਾਹੀਦਾ ਹੈ।




