ਮੁੰਬਈ : ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ (72) ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਇਥੇ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾ ਦੀ ਧੀ ਨਾਯਾਬ ਨੇ ਦਿੱਤੀ। ਉਧਾਸ, ਜਿਨ੍ਹਾ ਨੇ ਨਾਮ, ਸਾਜਨ ਅਤੇ ਮੋਹਰਾ ਸਮੇਤ ਕਈ ਹਿੰਦੀ ਫਿਲਮਾਂ ’ਚ ਪਲੇਅ ਬੈਕ ਗਾਇਕ ਵਜੋਂ ਵੀ ਆਪਣੀ ਪਛਾਣ ਬਣਾਈ ਸੀ, ਦਾ ਬ੍ਰੀਚ ਕੈਂਡੀ ਹਸਪਤਾਲ ’ਚ ਸਵੇਰੇ 11 ਵਜੇ ਦੇ ਕਰੀਬ ਦੇਹਾਂਤ ਹੋਇਆ। ਪੰਕਜ ਉਧਾਸ ਨੂੰ ‘ਚਿੱਠੀ ਆਈ ਹੈ..’ ਤੋਂ ਖੂਬ ਪਛਾਣ ਮਿਲੀ ।
ਛੇ ਰੇਲਵੇ ਮੁਲਾਜ਼ਮ ਮੁਅੱਤਲ
ਜਲੰਧਰ : ਡੀ ਆਰ ਐੱਮ ਫਿਰੋਜ਼ਪੁਰ ਸੰਜੇ ਸਾਹੂ ਨੇ ਸੋਮਵਾਰ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ ਛੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਕਠੂਆ ਦਾ ਸਟੇਸ਼ਨ ਮਾਸਟਰ, ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ। ਕਠੂਆ ਰੇਲਵੇ ਸਟੇਸਨ ਤੋਂ ਮਾਲ ਗੱਡੀ ਅਚਾਨਕ ਬਿਨਾਂ ਡਰਾਈਵਰ ਦੇ ਚੱਲ ਪਈ ਸੀ ਤੇ ਕਰੀਬ 70 ਕਿਲੋਮੀਟਰ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਮੁਕੇਰੀਆਂ ਕੋਲ ਉਚੀ ਬੱਸੀ ਸਟੇਸ਼ਨ ’ਤੇ ਰੋਕੀ ਗਈ ਸੀ।
ਰਾਠੀ ਕਤਲ ਕੇਸ ’ਚ ਸਾਬਕਾ ਭਾਜਪਾ ਵਿਧਾਇਕ ਨਾਮਜ਼ਦ
ਝੱਜਰ : ਬਹਾਦਰਗੜ੍ਹ ਦੇ ਸਾਬਕਾ ਭਾਜਪਾ ਵਿਧਾਇਕ ਨਰੇਸ਼ ਕੌਸ਼ਿਕ ਸਮੇਤ 12 ਵਿਅਕਤੀਆਂ ਖਿਲਾਫ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਅਤੇ ਉਸ ਦੇ ਸਹਿਯੋਗੀ ਦੀ ਹੱਤਿਆ ਦੇ ਮਾਮਲੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦੋ ਵਾਰ ਵਿਧਾਇਕ ਰਹਿ ਚੁੱਕੇ ਰਾਠੀ (66) ਅਤੇ ਉਨ੍ਹਾ ਦੇ ਸਾਥੀ ਜੈ ਕਿਸ਼ਨ ਨੂੰ ਐਤਵਾਰ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਬਹਾਦਰਗੜ੍ਹ ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਦੋਂ ਉਹ ਕਾਰ ਵਿਚ ਜਾ ਰਹੇ ਸਨ। ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ’ਚ ਰਾਠੀ ਹੱਤਿਆ ਕਾਂਡ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ ਦਾ ਭਰੋਸਾ ਦਿੱਤਾ ਹੈ।