ਬੇਂਗਲੁਰੂ : ਬੇਂਗਲੁਰੂ ਮੈਟਰੋ ਨੇ ਸੋਮਵਾਰ ਸਕਿਉੁੁਰਟੀ ਸੁਪਰਵਾਈਜ਼ਰ ਨੂੰ ਬਰਖਾਸਤ ਕਰ ਦਿੱਤਾ, ਜਿਸ ਨੇ ਇਕ ਕਿਸਾਨ ਨੂੰ ਢੁਕਵੇਂ ਕੱਪੜੇ ਪਹਿਨਣ ਕਾਰਨ ਗੱਡੀ ’ਚ ਚੜ੍ਹਨੋਂ ਰੋਕਿਆ ਸੀ। ਦਰਅਸਲ, ਇਕ ਯਾਤਰੀ ਨੇ ਰਾਜਾਜੀ ਨਗਰ ਮੈਟਰੋ ਸਟੇਸ਼ਨ ’ਤੇ 18 ਫਰਵਰੀ ਦੀ ਘਟਨਾ ਦਾ ਵੀਡੀਓ ‘ਐੱਕਸ’ ’ਤੇ ਪੋਸਟ ਕੀਤਾ ਸੀ, ਜਿਸ ’ਚ ਢੁਕਵੇਂ ਕੱਪੜੇ ਨਾ ਪਹਿਨਣ ਕਾਰਨ ਸੁਪਰਵਾਈਜ਼ਰ ਕਿਸਾਨ ਨੂੰ ਮੈਟਰੋ ਦੀ ਵਰਤੋਂ ਕਰਨ ਤੋਂ ਰੋਕਦਾ ਦੇਖਿਆ ਗਿਆ। ਕਿਸਾਨ ਦੇ ਕੋਲ ਸੁਰੱਖਿਆ ਜਾਂਚ ਕਤਾਰ ’ਚ ਖੜ੍ਹੇ ਯਾਤਰੀ ਨੇ ਤੁਰੰਤ ਦਖਲ ਦਿੱਤਾ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸਵਾਲ ਕੀਤਾ ਕਿ ਉਹ ਕਿਸ ਆਧਾਰ ’ਤੇ ਉਸ ਨੂੰ ਗੱਡੀ ’ਤੇ ਚੜ੍ਹਨੋਂ ਰੋਕ ਰਹੇ ਹਨ। ਕਾਰਤਿਕ ਸੀ ਐਰਾਨੀ ਨੇ ਕਿਸਾਨ ਦੀ ਤਰਫੋਂ ਜਾਇਜ਼ ਟਿਕਟ ਦੇ ਨਾਲ ਇੱਕ ਨਾਗਰਿਕ ਵਜੋਂ ਮੈਟਰੋ ਦੀ ਵਰਤੋਂ ਕਰਨ ਦੇ ਅਧਿਕਾਰ ਲਈ ਲੜਾਈ ਲੜੀ। ਉਸ ਨੇ ਕਿਹਾ ਕਿ ਕਿਸਾਨ ਦੇ ਥੈਲੇ ’ਚ ਅਜਿਹੀ ਕੋਈ ਚੀਜ਼ ਨਹੀਂ, ਜਿਸ ਨੂੰ ਮੈਟਰੋ ’ਚ ਲਿਆਉਣ ਦੀ ਮਨਾਹੀ ਹੋਵੇ। ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਉਸ ਨੂੰ ਨਿਯਮ ਦਿਖਾਉਣ, ਜੋ ਮੈਟਰੋ ਯਾਤਰੀਆਂ ਲਈ ਡਰੈੱਸ ਕੋਡ ਲਾਜ਼ਮੀ ਕਰਦਾ ਹੈ।