ਵਾਸ਼ਿੰਗਟਨ : ਅਮਰੀਕੀ ਹਵਾਈ ਸੈਨਾ ਦੇ ਜਵਾਨ ਆਰੋਨ ਬੁਸ਼ਨੈੱਲ ਨੇ ਐਤਵਾਰ ਵਾਸ਼ਿੰਗਟਨ ਡੀ ਸੀ ’ਚ ਇਜ਼ਰਾਇਲੀ ਦੂਤਾਵਾਸ ਬਾਹਰ ਆਪਣੇ ਆਪ ਨੂੰ ਅੱਗ ਲਾ ਲਈ ਅਤੇ ਕਿਹਾ ਕਿ ਉਹ ਹੁਣ ਨਸਲਕੁਸ਼ੀ ’ਚ ਸ਼ਾਮਲ ਨਹੀਂ ਹੋਵੇਗਾ। ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਵਾਨ ਬਾਅਦ ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ ਦੂਤਾਵਾਸ ਪਹੁੰਚਿਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਵਿੱਚ ’ਤੇ ‘ਲਾਈਵ-ਸਟ੍ਰੀਮਿੰਗ’ ਸ਼ੁਰੂ ਕੀਤੀ। ਲਾਈਵ ਸਟ੍ਰੀਮ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਆਪਣਾ ਫੋਨ ਹੇਠਾਂ ਰੱਖ ਦਿੱਤਾ ਤੇ ਫੇਰ ਆਪਣੇ ’ਤੇ ਜਲਣਸ਼ੀਲ ਤਰਲ ਛਿੜਕਿਆ ਅਤੇ ਅੱਗ ਲਗਾ ਲਈ। ਉਸ ਨੇ ਅੱਗ ਲਾਉਂਦਿਆਂ ਕਿਹਾ ਕਿ ਉਹ ਹੁਣ (ਗਾਜ਼ਾ ’ਚ) ਨਸਲਕੁਸ਼ੀ ’ਚ ਹਿੱਸਾ ਨਹੀਂ ਲਵੇਗਾ। ਉਸਨੇ ‘ਫਲਸਤੀਨ ਨੂੰ ਆਜ਼ਾਦ ਕਰੋ’ ਦਾ ਨਾਅਰਾ ਵੀ ਬੁਲੰਦ ਕੀਤਾ। ਗਾਜ਼ਾ ਦੀ ਜੰਗ ਨੂੰ ਲੈ ਕੇ ਦਸੰਬਰ ਵਿਚ ਵੀ ਇਕ ਮਹਿਲਾ ਨੇ ਅਟਲਾਂਟਾ ਵਿਚ ਇਜ਼ਰਾਈਲੀ ਕੌਂਸਲਖਾਨੇ ਦੇ ਬਾਹਰ ਖੁਦ ਨੂੰ ਅੱਗ ਲਾ ਲਈ ਸੀ। ਅਮਰੀਕਾ ਵਿਚ ਕਈ ਲੋਕ ਜੰਗਬੰਦੀ ਵਿਰੁੱਧ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਪੇਸ਼ ਹੁੰਦੇ ਮਤਿਆਂ ’ਤੇ ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਵੱਲੋਂ ਵੀਟੋ ਕਰਨ ਤੋਂ ਗੁੱਸੇ ਵਿਚ ਹਨ।