ਨਵੀਂ ਦਿੱਲੀ : ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ 6 ਅਗਸਤ ਨੂੰ ਹੋਣ ਵਾਲੀਆਂ ਚੋਣ ਲਈ ਐੱਨ ਡੀ ਏ ਦੇ ਉਮੀਦਵਾਰ ਜਗਦੀਪ ਧਨਖੜ ਨੇ ਸੋਮਵਾਰ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ | ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਨਾਮਜ਼ਦਗੀ ਪੱਤਰ ਦਾਖਲ ਕੀਤਾ | ਨਾਮਜ਼ਦਗੀ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਨਖੜ ਨੇ ਕਿਹਾ—ਮੈਂ ਕਦੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਮੇਰੇ ਵਰਗੇ ਆਮ ਪਿਛੋਕੜ ਵਾਲੇ ਵਿਅਕਤੀ ਨੂੰ ਇਹ ਮੌਕਾ ਮਿਲੇਗਾ | ਇੱਕ ਕਿਸਾਨ ਪਰਵਾਰ ਤੋਂ ਆਏ ਮੇਰੇ ਵਰਗੇ ਆਮ ਆਦਮੀ ਨੂੰ ਇਤਿਹਾਸਕ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ | ਇਸੇ ਦੌਰਾਨ ਮੋਦੀ ਨੇ ਕਿਹਾ—ਮੈਨੂੰ ਯਕੀਨ ਹੈ ਕਿ ਉਹ ਇੱਕ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਉਪ ਰਾਸ਼ਟਰਪਤੀ ਸਾਬਤ ਹੋਣਗੇ |