ਕੋਲੰਬੋ : ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਖਿਲਾਫ ਅੰਦੋਲਨ ਵਿਚ ਖੱਬੀਆਂ ਪਾਰਟੀਆਂ ਤੇਜ਼ੀ ਨਾਲ ਉੱਭਰੀਆਂ ਹਨ | ਸੱਤਾ ਵਿਰੋਧੀ ਅੰਦੋਲਨ ਵਿਚ ਜਨਤਾ ਵਿਮੁਕਤੀ ਪੇਰਾਮੂਨਾ (ਜੇ ਵੀ ਪੀ) ਦੀ ਅਹਿਮ ਭੂਮਿਕਾ ਰਹੀ ਹੈ | ਇਸ ਦੇ ਨੌਜਵਾਨ ਆਗੂ ਅਨੁਰਾ ਕੁਮਾਰ ਦਿਸਾਨਾਇਕੇ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਵੀ ਪੇਸ਼ ਕਰ ਦਿੱਤੀ ਹੈ |
ਜੇ ਵੀ ਪੀ ਦੇ ਕਨਵੀਨਰ ਤੇ ਸਾਬਕਾ ਸਾਂਸਦ ਬਿਮਲ ਰਥਨਾਇਕੇ ਦਾ ਕਹਿਣਾ ਹੈ ਕਿ ਭਾਰਤ ਨੇ ਸ੍ਰੀਲੰਕਾ ਦੇ ਲੋਕਾਂ ਦੇ ਭਖਦੇ ਮੁੱਦਿਆਂ ਤੇ ਮੁਸ਼ਕਲ ਵਿਚ ਕੁਝ ਹੱਦ ਤੱਕ ਰਾਹਤ ਦਿੱਤੀ ਹੈ ਪਰ ਉਹ ਦੇਖ ਰਹੇ ਹਨ ਕਿ ਭਾਰਤ ਸਰਕਾਰ ਤੇ ਉਥੋਂ ਦੇ ਬਿਜ਼ਨੈਸਮੈਨ ਸ੍ਰੀਲੰਕਾ ਦੇ ਵਸੀਲਿਆਂ ਨੂੰ ਹਥਿਆਉਣ ਵਿਚ ਲੱਗੇ ਹੋਏ ਹਨ | ਭਾਰਤ ਸਰਕਾਰ ਸਾਡੇ ਹਾਲਾਤ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਵਿਚ ਹੈ | ਉਹ ਭਾਰਤ ਤੋਂ ਆਸ ਰੱਖਦੇ ਹਨ ਕਿ ਉਹ ਸ੍ਰੀਲੰਕਾ ਦੇ ਲੋਕਾਂ ਦੀ ਆਵਾਜ਼ ਸੁਣੇਗਾ | ਸ੍ਰੀਲੰਕਾ ਵਿਚ ਭਿ੍ਸ਼ਟ ਸਿਆਸਤਦਾਨਾਂ ਨੂੰ ਹੱਲਾਸ਼ੇਰੀ ਦੇਣ ਤੇ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ |
ਉਨ੍ਹਾ ਕਿਹਾ ਕਿ ਸ੍ਰੀਲੰਕਾ ਦੇ ਆਰਥਿਕ ਸੰਕਟ ਦਾ ਕਾਰਨ ਪੂੰਜੀਵਾਦੀ ਤੇ ਨਵ-ਉਦਾਰਵਾਦੀ ਆਰਥਿਕ ਨੀਤੀਆਂ ਹਨ, ਜਿਹੜੀਆਂ ਪੰਜ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਹਨ | ਘਰੇਲੂ ਪੈਦਾਵਾਰ ਤੇ ਉਦਯੋਗ ਨੂੰ ਨਜ਼ਰਅੰਦਾਜ਼ ਕੀਤਾ ਗਿਆ | ਘਰੇਲੂ ਖੇਤੀ ਨੂੰ ਛੱਡ ਦਿੱਤਾ ਗਿਆ ਤੇ ਖੁਰਾਕ ਸੁਰੱਖਿਆ ਉਤੇ ਜ਼ੋਰ ਨਹੀਂ ਦਿੱਤਾ ਗਿਆ | ਸਿਹਤ, ਊਰਜਾ ਤੇ ਸਿੱਖਿਆ ਸੈਕਟਰਾਂ ਦਾ ਨਿੱਜੀਕਰਨ ਕੀਤਾ ਗਿਆ | ਇਸ ਨਾਲ ਕਰਜ਼ਾ ਵਧ ਗਿਆ ਤੇ ਦੇਸ਼ ਉਧਾਰ ਮੋੜ ਨਹੀਂ ਸਕਿਆ | ਨਤੀਜੇ ਵਜੋਂ ਦੇਸ਼ ਦੀਵਾਲੀਆ ਹੋ ਗਿਆ | ਰਥਨਾਇਕੇ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਸ਼ੁਰੂ ਤੋਂ ਹੀ ਪ੍ਰੋਟੈੱਸਟ ਵਿਚ ਸ਼ਾਮਲ ਸੀ | ਉਨ੍ਹਾਂ ਸਭ ਤੋਂ ਪਹਿਲਾਂ 2021 ਵਿਚ ਕੋਲੰਬੋ ਬੰਦਰਗਾਹ ਦੀ ਜੇਟੀ ਨੂੰ ਭਾਰਤੀ ਅਰਬਪਤੀ ਅਡਾਨੀ ਨੂੰ ਸੌਂਪਣ ਦਾ ਵਿਰੋਧ ਕੀਤਾ ਸੀ | ਭਾਰਤ ਸਰਕਾਰ ਦੇ ਭਾਰੀ ਦਬਾਅ ਹੇਠ ਇਹ ਬੰਦਰਗਾਹ ਅਡਾਨੀ ਨੂੰ ਸੌਂਪੀ ਗਈ | ਉਨ੍ਹਾਂ ਅੰਦੋਲਨ ਦੀ ਅਗਵਾਈ ਕੀਤੀ ਤੇ ਜਿੱਤ ਹਾਸਲ ਕੀਤੀ | ਇਸ ਦੇ ਬਾਅਦ ਦੇਸ਼ ਭਰ ਵਿਚ ਕਿਸਾਨਾਂ ਦਾ ਅੰਦੋਲਨ ਹੋਇਆ, ਜਿਸ ਦੀ ਉਨ੍ਹਾਂ ਅਗਵਾਈ ਕੀਤੀ | ਉਨ੍ਹਾ ਆਮ ਚੋਣਾਂ ਕਰਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਵੀ ਪੀ ਤੇ ਨੈਸ਼ਨਲ ਪੀਪਲਜ਼ ਪਾਵਰ ਮਿਲ ਕੇ ਸਰਕਾਰ ਬਣਾ ਲੈਣਗੇ ਕਿਉਂਕਿ ਸਾਰੇ ਓਪੀਨੀਅਨ ਪੋਲ ਤੇ ਸਰਵੇ ਵਿਚ ਜੇ ਵੀ ਪੀ ਕਿਸੇ ਵੀ ਹੋਰ ਪਾਰਟੀ ਤੋਂ ਦੋ-ਤਿਹਾਈ ਵੋਟਾਂ ਨਾਲ ਅੱਗੇ ਹੈ | ਜ਼ਮੀਨ ‘ਤੇ ਲੋਕ ਜੇ ਵੀ ਪੀ ਦੀ ਹਮਾਇਤ ਕਰ ਰਹੇ ਹਨ ਪਰ ਉਹ ਕਿਸੇ ਮੁਗਾਲਤੇ ਵਿਚ ਨਹੀਂ | ਪੂੰਜੀਪਤੀ, ਸਾਮਰਾਜੀ ਤਾਕਤਾਂ ਤੇ ਕਾਲੇ ਕਾਰੋਬਾਰੀ ਉਨ੍ਹਾਂ ਦੀ ਜਿੱਤ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਉਹ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾਉਣ ਦੀ ਤਿਆਰੀ ਕਰ ਰਹੇ ਹਨ |