ਬਾਗਪਤ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 30 ਦਿਨਾਂ ਦੀ ਪੈਰੋਲ ਮਿਆਦ 17 ਜੁਲਾਈ ਨੂੰ ਖਤਮ ਹੋ ਗਈ ਸੀ | ਰਾਮ ਰਹੀਮ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਿਹਾ | ਐਤਵਾਰ ਰਾਤ 11 ਵਜੇ ਉਹ ਆਪਣੀ ਬੇਟੀ ਹਨੀਪ੍ਰੀਤ ਨਾਲ ਇੰਸਟਾਗ੍ਰਾਮ ‘ਤੇ ਲਾਈਵ ਹੋਇਆ | ਦੋਵੇਂ 5 ਸਾਲ ਬਾਅਦ ਜਨਤਕ ਤੌਰ ‘ਤੇ ਇਕੱਠੇ ਨਜ਼ਰ ਆਏ ਸਨ | ਹਾਲਾਂਕਿ ਇਸ 30 ਦਿਨਾਂ ਦੇ ਅਰਸੇ ਦੌਰਾਨ ਉਹ ਆਪਣੇ ਪਰਵਾਰ, ਖਾਸ ਕਰਕੇ ਪੁੱਤਰਾਂ, ਧੀਆਂ ਨਾਲ ਜਨਤਕ ਤੌਰ ‘ਤੇ ਨਜ਼ਰ ਨਹੀਂ ਆਇਆ ਅਤੇ ਨਾ ਹੀ ਰਾਮ ਰਹੀਮ ਨੇ ਕਿਤੇ ਵੀ ਉਨ੍ਹਾਂ ਦਾ ਜ਼ਿਕਰ ਕੀਤਾ | ਐਤਵਾਰ ਰਾਤ ਨੂੰ ਹਨੀਪ੍ਰੀਤ ਨੇ ਰਾਮ ਰਹੀਮ ਦੇ ਸਾਹਮਣੇ ਡੇਰਾ ਪ੍ਰੇਮੀਆਂ ਦੇ ਸਵਾਲ ਰੱਖੇ ਅਤੇ ਉਸ ਤੋਂ ਜਵਾਬ ਮੰਗੇ | ਪੂਰੇ ਇੱਕ ਘੰਟਾ 40 ਮਿੰਟ ਦੇ ਲਾਈਵ ਪ੍ਰੋਗਰਾਮ ਵਿਚ ਰਾਮ ਰਹੀਮ ਨੇ ਆਪਣੇ ਚੇਲਿਆਂ ਦੇ ਸਾਹਮਣੇ ਆਪਣਾ ਬਲੱਡ ਗਰੁੱਪ ਬਦਲਣ ਦਾ ਦਾਅਵਾ ਕੀਤਾ | ਹਾਲਾਂਕਿ ਉਹ ਇਸ ਸੰਬੰਧੀ ਕੋਈ ਮੈਡੀਕਲ ਸਬੂਤ ਪੇਸ਼ ਨਹੀਂ ਕਰ ਸਕਿਆ | ਨਾਲ ਹੀ ਦੱਸਿਆ ਕਿ ਉਸ ਨੇ 8 ਸਾਲਾਂ ਵਿੱਚ ਹੀ ਟਰੈਕਟਰ ਦੇ ਗੇਅਰ ਠੀਕ ਕਰਨੇ ਸ਼ੁਰੂ ਕਰ ਦਿੱਤੇ ਸਨ | ਰਾਮ ਰਹੀਮ ਨੇ ਕਿਹਾ ਕਿ ਉਹ ਲੋਕਾਂ ਦੀ ਖੁਸ਼ੀ ਲਈ ਹਨੀਪ੍ਰੀਤ ਦੇ ਨਾਲ ਸਾਹਮਣੇ ਆਇਆ |
ਉਸ ਨੇ ਕਿਹਾ—ਹਨੀਪ੍ਰੀਤ ਸਾਡੀ ਧੀ ਹੈ, ਸਾਡੀ ਰੂਹਾਨੀ ਧੀ ਹੈ, ਉਹ ਸਾਡੀ ਧੀ ਹੈ | ਰਾਮ ਜੀ ਸਾਡੀ ਧੀ ਨੂੰ ਸੁਰੱਖਿਅਤ ਰੱਖਣਗੇ | ਜੇਲ੍ਹ ਪਰਤਣ ਤੋਂ ਪਹਿਲਾਂ ਇਸ ਪੂਰੇ ਪ੍ਰੋਗਰਾਮ ‘ਚ ਖੂਬ ਹਾਸਾ-ਮਜ਼ਾਕ ਹੋਇਆ |