ਜੈਪੁਰ : ਅਜਮੇਰ ਦੀ ਅਦਾਲਤ ਨੇ ਵੀਰਵਾਰ ਤਕਰੀਬਨ ਤਿੰਨ ਦਹਾਕੇ ਪਹਿਲਾਂ ਦੇਸ਼ ’ਚ ਪੰਜ ਰੇਲ ਗੱਡੀਆਂ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ’ਚ ਮੁੱਖ ਮੁਲਜ਼ਮ ਅਬਦੁਲ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ। ਟਾਡਾ ਅਦਾਲਤ ਨੇ ਦੋ ਹੋਰਾਂ ਇਰਫਾਨ ਅਤੇ ਹਮੀਦੁਦੀਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇੰਟੈਲ ਦੇ ਸਾਬਕਾ ਕੰਟਰੀ ਹੈੱਡ ਅਵਤਾਰ ਸੈਣੀ ਦੀ ਹਾਦਸੇ ’ਚ ਮੌਤ
ਮੁੰਬਈ : ਨਵੀਂ ਮੁੰਬਈ ’ਚ ਸਾਈਕਲ ਚਲਾਉਂਦੇ ਸਮੇਂ ਤੇਜ਼ ਰਫਤਾਰ ਕੈਬ ਦੀ ਲਪੇਟ ’ਚ ਆਉਣ ਕਾਰਨ ਇੰਟੈਲ ਇੰਡੀਆ ਦੇ ਸਾਬਕਾ ‘ਕੰਟਰੀ ਹੈੱਡ’ ਅਵਤਾਰ ਸੈਣੀ ਦੀ ਮੌਤ ਹੋ ਗਈ। ਹਾਦਸਾ ਵੀਰਵਾਰ ਸਵੇਰੇ 5.50 ਵਜੇ ਦੇ ਕਰੀਬ ਹੋਇਆ, ਜਦੋਂ ਸੈਣੀ (68) ਦੋਸਤਾਂ ਨਾਲ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ ’ਤੇ ਸਾਈਕਲ ਚਲਾ ਰਹੇ ਸਨ। ਕੈਬ ਨੇ ਸੈਣੀ ਦੇ ਸਾਈਕਲ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਸੈਣੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦਿੱਤਾ।
ਏਅਰ ਇੰਡੀਆ ਨੂੰ 30 ਲੱਖ ਦਾ ਜੁਰਮਾਨਾ
ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਮੁੰਬਈ ਹਵਾਈ ਅੱਡੇ ’ਤੇ 12 ਫਰਵਰੀ ਨੂੰ 80 ਸਾਲਾ ਯਾਤਰੀ ਨੂੰ ਵ੍ਹੀਲਚੇਅਰ ਨਾ ਦੇਣ ’ਤੇ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਯਾਤਰੀ ਨੂੰ ਜਹਾਜ਼ ਤੋਂ ਟਰਮੀਨਲ ਤੱਕ ਪੈਦਲ ਜਾਣਾ ਪਿਆ, ਕਿਉਂਕਿ ਵ੍ਹੀਲਚੇਅਰ ਉਪਲੱਬਧ ਨਹੀਂ ਸੀ ਅਤੇ ਉਹ ਡਿੱਗ ਗਿਆ। ਬਾਅਦ ’ਚ ਉਸ ਦੀ ਮੌਤ ਹੋ ਗਈ ਸੀ।




