ਸ਼ਿਮਲਾ : ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸਦਨ ’ਚ ਵਿੱਤ ਬਿੱਲ ’ਤੇ ਸਰਕਾਰ ਦੇ ਪੱਖ ’ਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਵਾਲੇ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਇਨ੍ਹਾਂ ਵਿਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵੀ ਠਾਕੁਰ ਅਤੇ ਚੇਤਨਿਆ ਸ਼ਰਮਾ ਸਾਮਲ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਠਾਨੀਆ, ਜਿਨ੍ਹਾਂ ਨੇ ਬੁੱਧਵਾਰ ਨੂੰ ਵਿਧਾਇਕਾਂ ਦੀ ਅਯੋਗਤਾ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਨੇ ਕਿਹਾ ਕਿ ਵਿਧਾਇਕਾਂ ਨੇ ਪਾਰਟੀ ਦੀਆਂ ਟਿਕਟਾਂ ’ਤੇ ਚੁਣੇ ਜਾਣ ਕਾਰਨ ਕਾਂਗਰਸ ਦੇ ਵ੍ਹਿਪ ਦੀ ਉਲੰਘਣਾ ਕਰਕੇ ਦਲ-ਬਦਲ ਵਿਰੋਧੀ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਪ੍ਰਧਾਨ ਮੰਤਰੀ ਤੇ ਚਾਣਕੀਆ ਫੇਲ੍ਹ : ਜੈਰਾਮ ਰਮੇਸ਼
ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀਰਵਾਰ ਕਿਹਾ-ਹਿਮਾਚਲ ਨੂੰ ਲੈ ਕੇ ਮੀਡੀਆ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਪਰ ਅਸੀਂ ਇਕ ਗੱਲ ਬਿਲਕੁਲ ਸਪੱਸ਼ਟ ਕਹਿਣਾ ਚਾਹੁੰਦੇ ਹਾਂ ਕਿ ਹਿਮਾਚਲ ਵਿਚ ਪ੍ਰਧਾਨ ਮੰਤਰੀ ਤੇ ਅਖੌਤੀ ਚਾਣਕੀਆ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ। ਕਾਂਗਰਸ ਲੀਡਰਸ਼ਿਪ ਦੇ ਦਖਲ ਤੇ ਸਾਡੇ ਅਬਜ਼ਰਵਰਾਂ ਦੀ ਫੁਰਤੀ ਦੇ ਬਾਅਦ ਉਥੇ ਸਥਿਤੀ ਪੂਰੀ ਤਰ੍ਹਾਂ ਕਾਂਗਰਸ ਦੇ ਕੰਟਰੋਲ ਵਿਚ ਹੈ। ਹੋਰਨਾਂ ਰਾਜਾਂ ਵਾਂਗ ਭਾਜਪਾ ਨੇ ਪੈਸੇ, ਸੱਤਾ ਤੇ ਧੱਕੇ ਦੇ ਬਲ ਨਾਲ ਪੂਰਨ ਬਹੁਮਤ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਨਾਕਾਮ ਰਹੀ, ਕਿਉਕਿ ਹਿਮਾਚਲ ਦੇ ਲੋਕਾਂ ਦਾ ਆਸ਼ੀਰਵਾਦ ਕਾਂਗਰਸ ਨਾਲ ਹੈ।