ਇਸਲਾਮਾਬਾਦ : ਭਾਰਤ ’ਚ ਜੇਕਰ ਤੁਸੀਂ ਕੋਈ ਮੁਰਗਾ ਖਰੀਦਣ ਜਾਓ ਤਾਂ ਉਸ ਲਈ ਤੁਹਾਨੂੰ 200 ਤੋਂ 300 ਰੁਪਏ ਖਰਚ ਕਰਨੇ ਪੈ ਸਕਦੇ ਹਨ, ਉਥੇ ਹੀ ਮੁਰਗਾ ਦੇਸੀ ਹੈ ਤਾਂ ਇਸ ਲਈ 1000 ਤੋਂ 1500 ਰੁਪਏ ਖਰਚ ਕਰਨੇ ਪੈ ਸਕਦੇ ਹਨ, ਜਦਕਿ ਕੜਕਨਾਥ ਵਰਗੇ ਸਪੈਸ਼ਲ ਮੁਰਗੇ ਲਈ ਤੁਹਾਡੇ 2 ਤੋਂ 5 ਹਜ਼ਾਰ ਰੁਪਏ ਖਰਚ ਹੋ ਸਕਦੇ ਹਨ, ਪਰ ਪਾਕਿਸਤਾਨ ’ਚ ਸਪੈਸ਼ਲ ਮੁਰਗੇ ਨੂੰ ਸ਼ਾਮੋ ਚਿਕਨ ਜਾਂ ਸ਼ਾਮੋ ਮੁਰਗਾ ਕਹਿੰਦੇ ਹਨ। ਇਹ ਪਾਕਿਸਤਾਨ ’ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਸ਼ਾਮੋ ਥਾਈਲੈਂਡ ਨਸਲ ਦਾ ਮੁਰਗਾ ਹੈ, ਪਰ 17ਵੀਂ ਸ਼ਤਾਬਦੀ ’ਚ ਜਦ ਇਹ ਮੁਰਗਾ ਥਾਈਲੈਂਡ ਤੋਂ ਜਾਪਾਨ ਪਹੁੰਚਿਆ ਤਾਂ ਇਸ ਨੂੰ ਵੱਡੇ ਤੌਰ ’ਤੇ ਖਾਧਾ ਜਾਣ ਲੱਗਾ। ਜਾਪਾਨ ਤੋਂ ਹੀ ਇਹ ਮੁਰਗਾ ਪਾਕਿਸਤਾਨ ਪਹੁੰਚਿਆ ਅਤੇ ਅੱਜ ਇਹ ਪਾਕਿਸਤਾਨ ਦਾ ਸਭ ਤੋਂ ਖਾਸ ਮੁਰਗਾ ਹੋ ਗਿਆ ਹੈ। ਸ਼ਾਮੋ ਮੁਰਗਾ ਦੁਨੀਆ ਦੇ ਸਭ ਤੋਂ ਲੰਮੇ ਮੁਰਗਿਆਂ ਦੀ ਨਸਲ ’ਚ ਰੱਖਿਆ ਜਾਂਦਾ ਹੈ। ਇਸ ਦੀ ਗਰਦਨ ਅਤੇ ਪੈਰ ਕਾਫ਼ੀ ਲੰਮੇ ਹੁੰਦੇ ਹਨ। ਜਦ ਇਹ ਮੁਰਗਾ ਖੜਾ ਹੁੰਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਹਮਲਾ ਕਰਨ ਲੱਗਾ। ਸ਼ਾਮੋ ਨਸਲ ਲੜਾਕੂ ਮੁਰਗੇ ਦੀ ਨਸਲ ਹੈ। ਪਾਕਿਸਤਾਨ ਦੇ ਵੱਖ-ਵੱਖ ਬਾਜ਼ਾਰਾਂ ’ਚ ਇਸ ਦੀ ਕੀਮਤ ਵੱਖ-ਵੱਖ ਹੈ, ਪਰ ਇੱਕ ਮਾਲਕ ਨੇ ਇਸ ਦੀ ਕੀਮਤ ਪਾਕਿਸਤਾਨ ’ਚ 5 ਲੱਖ ਰੁਪਏ ਦੱਸੀ, ਜਦਕਿ ਇਸ ਮੁਰਗੇ ਦਾ ਇੱਕ ਅੰਡਾ 10 ਹਜ਼ਾਰ ਦਾ ਵਿਕਦਾ ਹੈ।