ਮੁੰਬਈ : ਬੰਬੇ ਹਾਈ ਕੋਰਟ ਨੇ ਜਿਨਸੀ ਪੀੜਤ ਮਾਮਲੇ ’ਚ ਇੱਕ ਤਾਂਤਰਿਕ ਖਿਲਾਫ਼ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਤਾਂਤਰਿਕਾਂ ਅਤੇ ਬਾਬਿਆਂ ਕੋਲ ਜਾਂਦੇ ਹਨ। ਇਹ ਇਸ ਸਮੇਂ ਦੀ ਇੱਕ ਮੰਦਭਾਗੀ ਸੱਚਾਈ ਹੈ। ਇਹ ਤਾਂਤਰਿਕ ਮਸਲਾ ਸੁਲਝਾਉਣ ਦੇ ਨਾਂਅ ’ਤੇ ਲੋਕਾਂ ਦਾ ਸੋਸ਼ਣ ਕਰਦੇ ਹਨ। ਹਾਈ ਕੋਰਟ ਨੇ ਕਿਹਾਇਹ ਕਥਿਤ ਤਾਂਤਰਿਕ ਅਤੇ ਬਾਬੇ ਲੋਕਾਂ ਦੀ ਕਮਜ਼ੋਰੀ ਅਤੇ ਅੰਧਵਿਸ਼ਵਾਸ਼ ਦਾ ਫਾਇਦਾ ਉਠਾਉਂਦੇ ਹਨ। ਇਹ ਤਾਂਤਰਿਕ ਸਮੱਸਿਆ ਦਾ ਹੱਲ ਦੇਣ ਦੀ ਓਟ ’ਚ ਲੋਕਾਂ ਤੋਂ ਸਿਫਰ ਪੈਸੇ ਹੀ ਨਹੀਂ ਠੱਗਦੇ, ਬਲਕਿ ਕਈ ਵਾਰ ਪੀੜਤਾਂ ਦਾ ਜਿਨਸੀ ਸੋਸ਼ਣ ਵੀ ਕਰਦੇ ਹਨ। ਬੰਬੇ ਹਾਈ ਕੋਰਟ ਨੇ ਛੇ ਨਾਬਾਲਿਗ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਇਹ ਟਿੱਪਣੀ ਕੀਤੀ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਮੰਜੂਸ਼ਾ ਦੇਸ਼ਪਾਂਡੇ ਦਾ ਬੈਂਚ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। 45 ਸਾਲ ਦਾ ਵਿਅਕਤੀ ਖੁਦ ਨੂੰ ਤਾਂਤਰਿਕ ਦੱਸਦਾ ਹੈ। ਉਸ ਨੇ ਇਲਾਜ ਦੇ ਨਾਂਅ ’ਤੇ ਦਿਮਾਗੀ ਤੌਰ ’ਤੇ ਕਮਜ਼ੋਰ ਲੜਕੀਆ ਨਾਲ ਜਿਨਸੀ ਸੋਸ਼ਣ ਕੀਤਾ। ਨਾਲ ਹੀ ਉਹਨਾਂ ਦੇ ਮਾਤਾ-ਪਿਤਾ ਤੋਂ ਨਾਬਾਲਿਗਾਂ ਨੂੰ ਠੀਕ ਕਰਨ ਲਈ 1.30 ਕਰੋੜ ਰੁਪਏ ਠੱਗ ਲਏ। ਇਸ ਮਾਮਲੇ ’ਚ ਸਾਲ 2010 ’ਚ ਐੱਫ ਆਈ ਆਰ ਦਰਜ ਕਰਾਈ ਗਈ ਸੀ। ਸੈਸ਼ਨ ਕੋਰਟ ਨੇ 2016 ’ਚ ਤਾਂਤਰਿਕ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਉਮਰ ਭਰ ਕੈਦ ਦੀ ਸਜ਼ਾ ਸੁਣਾਈ। ਤਾਂਤਰਿਕ ਨੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ’ਚ ਚੁਣੌਤੀ ਦਿੱਤੀ। ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰਦੇ ਹੋਏ ਸਜ਼ਾ ਨੂੰ ਬਰਕਰਾਰ ਰੱਖਿਆ।