ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਭਾਵੁਕ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਕੱਟੜਪੰਥੀ ਤਾਕਤਾਂ ਦੇਸ਼ ਨੂੰ ਤੋੜਨ ਅਤੇ ਇਸ ਦੀ ਬਹੁ-ਧਾਰਮਕ ਪਛਾਣ ਨੂੰ ਕਮਜ਼ੋਰ ਕਰਨ ’ਤੇ ਤੁਲੀਆਂ ਹੋਈਆਂ ਹਨ।ਆਪਣੇ ਹਿੰਦੂ ਵਿਸ਼ਵਾਸਾਂ ਦਾ ਹਵਾਲਾ ਦਿੰਦੇ ਹੋਏ ਬਰਤਾਨੀਆ ਦੇ ਭਾਰਤੀ ਮੂਲ ਦੇ ਨੇਤਾ ਨੇ ਕਿਹਾ ਕਿ ਬਰਤਾਨੀਆ ਦੀਆਂ ਸਥਾਈ ਕਦਰਾਂ-ਕੀਮਤਾਂ ਸਾਰੇ ਧਰਮਾਂ ਅਤੇ ਨਸਲਾਂ ਦੇ ਪਰਵਾਸੀਆਂ ਨੂੰ ਸਵੀਕਾਰ ਕਰਨ ਲਈ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਕੱਟੜਪੰਥੀ ਤਾਕਤਾਂ ਆਪਣੇ ਹੱਥਾਂ ’ਚ ਨਾ ਲੈ ਲੈਣ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਬਰਤਾਨਵੀ ਸੰਸਦ ਮੈਂਬਰਾਂ ਲਈ ਸੁਰੱਖਿਆ ਚਿੰਤਾਵਾਂ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਦੇਸ਼ ਵਿੱਚ ਵਿਸ਼ਾਲ ਮਾਰਚ ਦੌਰਾਨ ਹਿੰਸਾ ਦੇ ਬਾਅਦ ਆਈ ਹੈ।