ਇਸਲਾਮਾਬਾਦ : ਕੌਮੀ ਅਸੰਬਲੀ ’ਚ ਆਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੇ ਆਗੂ ਸ਼ਾਹਬਾਜ਼ ਸ਼ਰੀਫ ਐਤਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਲਈ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਪੀ ਐੱਮ ਐੱਲ-ਐੱਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਸਰਬਸੰਮਤੀ ਨਾਲ ਉਮੀਦਵਾਰ 72 ਸਾਲਾ ਸ਼ਾਹਬਾਜ਼ ਨੂੰ 201 ਵੋਟਾਂ ਮਿਲੀਆਂ, ਜੋ 336 ’ਚ ਸਦਨ ਦਾ ਨੇਤਾ ਬਣਨ ਲਈ ਲੋੜੀਂਦੀਆਂ ਵੋਟਾਂ ਨਾਲੋਂ 32 ਵੱਧ ਹਨ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਉਮੀਦਵਾਰ ਉਮਰ ਅਯੂਬ ਖਾਨ ਨੂੰ 92 ਵੋਟਾਂ ਮਿਲੀਆਂ। ਸ਼ਾਹਬਾਜ਼ ਨੂੰ ਸੋਮਵਾਰ ਰਾਸ਼ਟਰਪਤੀ ਭਵਨ ’ਚ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ।