ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਸਰਕਾਰ ਭਾਰਤੀ ਰੇਲਵੇ ਲਈ ਨੀਤੀਆਂ ਸਿਰਫ ਅਮੀਰਾਂ ਨੂੰ ਧਿਆਨ ’ਚ ਰੱਖ ਕੇ ਬਣਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਸ਼ਵਾਸ ‘ਧੋਖੇ ਦੀ ਗਰੰਟੀ’ ਹੈ। ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ‘ਇਲੀਟ ਟ੍ਰੇਨ’ ਦੀ ਤਸਵੀਰ ਦਿਖਾ ਕੇ ਭਰਮਾਇਆ ਜਾ ਰਿਹਾ ਹੈ, ਜਿਸ ’ਤੇ ਗਰੀਬ ਪੈਰ ਵੀ ਨਹੀਂ ਰੱਖ ਸਕਦਾ। ਐੱਕਸ ’ਤੇ ਇਕ ਪੋਸਟ ’ਚ ਰਾਹੁਲ ਨੇ ਕਿਹਾ ਕਿ ਗਰੀਬ ਅਤੇ ਮੱਧ ਵਰਗ ਦੇ ਯਾਤਰੀ ਰੇਲਵੇ ਨੂੰ ਤਰਜੀਹ ਤੋਂ ਕੰਨੀ ਕਤਰਾਉਣ ਲੱਗੇ ਹਨ। ਨਰਿੰਦਰ ਮੋਦੀ ਉਨ੍ਹਾਂ ਤੋਂ ‘ਗਰੀਬਾਂ ਦੀ ਰੇਲਵੇ’ ਖੋਹ ਰਹੇ ਹਨ। ਹਰ ਸਾਲ ਕਿਰਾਏ ’ਚ 10 ਫੀਸਦੀ ਵਾਧੇ ਦੇ ਨਾਂਅ ’ਤੇ ਲੋਕਾਂ ਦੀ ਲੁੱਟ, ਵਧ ਰਹੇ ਹੋਰ ਚਾਰਜ ਅਤੇ ਮਹਿੰਗੀਆਂ ਪਲੇਟਫਾਰਮ ਟਿਕਟਾਂ ਕਾਰਨ ਗਰੀਬ ਰੇਲ ’ਚ ਪੈਰ ਵੀ ਨਹੀਂ ਰੱਖ ਸਕਦਾ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬਜ਼ੁਰਗਾਂ ਨੂੰ ਦਿੱਤੀਆਂ ਛੋਟਾਂ ਖੋਹ ਕੇ ਉਨ੍ਹਾਂ ਤੋਂ 3700 ਕਰੋੜ ਰੁਪਏ ਇਕੱਠੇ ਕੀਤੇ ਹਨ।