ਵਾਸ਼ਿੰਗਟਨ : ਨਿੱਕੀ ਹੈਲੀ ਨੇ ਨਵੰਬਰ ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਉਮੀਦਵਾਰ ਬਣਨ ਲਈ ਵਾਸ਼ਿੰਗਟਨ ਡੀ ਸੀ (ਡਿਸਟਿ੍ਰਕਟ ਆਫ ਕੋਲੰਬੀਆ) ਦੀਆਂ ਪ੍ਰਾਇਮਰੀ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਚੋਣ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਹੈਲੀ ਦੀ ਜਿੱਤ ਨੇ ਫਿਲਹਾਲ ਟਰੰਪ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ, ਪਰ ਟਰੰਪ ਨੂੰ ਇਸ ਹਫਤੇ ਦੇ ਸੁਪਰ ਟਿਊਜ਼ਡੇਅ ’ਚ ਵੱਡੀ ਗਿਣਤੀ ’ਚ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਸੁਪਰ ਮੰਗਲਵਾਰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ’ਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਪਿਛਲੇ ਹਫਤੇ ਆਪਣੇ ਗ੍ਰਹਿ ਰਾਜ ਦੱਖਣੀ ਕੈਰੋਲੀਨਾ ’ਚ ਹਾਰ ਦੇ ਬਾਵਜੂਦ ਹੈਲੀ ਨੇ ਕਿਹਾ ਸੀ ਕਿ ਉਹ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ। ਹੈਲੀ (51) ਨੂੰ 1274 ਵੋਟਾਂ (62.9 ਫੀਸਦੀ) ਮਿਲੀਆਂ, ਜਦਕਿ ਟਰੰਪ ਨੂੰ 676 ਵੋਟਾਂ (33.2 ਫੀਸਦੀ) ਮਿਲੀਆਂ।
ਸੰਯੁਕਤ ਰਾਸ਼ਟਰ ਵਿਚ ਰਾਜਦੂਤ ਤੇ ਦੱਖਣੀ ਕੈਰੋਲੀਨਾ ਦੀ ਰਾਜਦੂਤ ਰਹਿ ਚੁੱਕੀ ਨਿੱਕੀ 1972 ਵਿਚ ਅਮਰੀਕੀ ਵਿਚ ਪੈਦਾ ਹੋਈ ਸੀ। ਉਸ ਦਾ ਅਸਲੀ ਨਾਂਅ ਨਮਰਤਾ ਨਿੱਕੀ ਰੰਧਾਵਾ ਹੈ। ਉਸ ਦੇ ਪਿਤਾ ਅਜੀਤ ਸਿੰਘ ਰੰਧਾਵਾ ਪਤਨੀ ਰਾਜ ਕੌਰ ਨਾਲ 1960ਵਿਆਂ ਵਿਚ ਪੀ ਐੱਚ ਡੀ ਕਰਨ ਅੰਮਿ੍ਰਤਸਰ ਤੋਂ ਅਮਰੀਕਾ ਗਏ ਸਨ ਤੇ ਉਥੇ ਹੀ ਵਸ ਗਏ ਸਨ। ਨਿੱਕੀ ਦੇ ਦੋ ਭਰਾ ਮਿੱਠੀ ਤੇ ਸਿਮੀ ਅਤੇ ਭੈਣ ਸਿਮਰਨ ਹਨ। ਨਿੱਕੀ ਨੇ 1996 ਵਿਚ ਮਾਈਕਲ ਹੈਲੀ ਨਾਲ ਵਿਆਹ ਕਰਵਾਇਆ ਸੀ ਤੇ ਉਸ ਦੀ ਬੇਟੀ ਰੇਨਾ ਤੇ ਬੇਟਾ ਨਲਿਨ ਹਨ।