ਮੁਹਾਲੀ : ਇਥੋਂ ਦੇ ਸੈਕਟਰ 67 ’ਚ ਸੋਮਵਾਰ ਸ਼ਾਪਿੰਗ ਮਾਲ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਜੰਮੂ ਦੇ ਰਹਿਣ ਵਾਲੇ 45 ਸਾਲਾ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ ਚਿਰ ਦਾ ਕਤਲ ਗੈਂਗਵਾਰ ਦਾ ਨਤੀਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੁਝ ਸਮੇਂ ਤੋਂ ਮਾਲ ਦੇ ਬਾਹਰ ਦੋ ਐੱਸ ਯੂ ਵੀਜ਼ ’ਚ ਡੋਗਰਾ ਨੂੰ ਉਡੀਕ ਰਹੇ ਸਨ। ਇਕ ਗੱਡੀ ਦਾ ਨੰਬਰ ਚੰਡੀਗੜ੍ਹ ਅਤੇ ਦੂਜੀ ਦਾ ਜੰਮੂ ਦਾ ਸੀ। ਡੋਗਰਾ ਦੇ ਖਿਲਾਫ ਅੱਠ ਐੱਫ ਆਈ ਆਰ ਦਰਜ ਸਨ ਤੇ ਉਹ ਹਾਲ ਹੀ ’ਚ ਜੇਲ੍ਹ ਤੋਂ ਬਾਹਰ ਆਇਆ ਸੀ। ਰੂਪਨਗਰ ਰੇਂਜ ਦੇ ਆਈ ਜੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਜੰਮੂ ਨਾਲ ਸੰਬੰਧਤ ਚਾਰ ਵਿਅਕਤੀ ਇਸ ਕਤਲ ’ਚ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਹਿਰਾਸਤ ’ਚ ਲਿਆ ਗਿਆ ਹੈ। ਦੋ ਵਾਹਨ, ਹਥਿਆਰ ਤੇ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।