ਨਿਊ ਯਾਰਕ : ਸਾਊਦੀ ਅਰਬ ਦੀ ਅਗਵਾਈ ਵਾਲੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੇ ਕੁਝ ਮੈਂਬਰ ਅਤੇ ਰੂਸ ਵਰਗੇ ਦੇਸ਼ ਕੱਚੇ ਤੇਲ ਦੇ ਉਤਪਾਦਨ ’ਚ ਸਵੈਇੱਛਤ ਕਟੌਤੀ ਨੂੰ ਹੋਰ ਵਧਾ ਰਹੇ ਹਨ। ਬਹੁਕੌਮੀ ਸੰਗਠਨ ਦੇ ਸਕੱਤਰੇਤ ਨੇ ਕਿਹਾ ਕਿ ਕਈ ਓਪੇਕ ਤੇ ਹੋਰ ਦੇਸ਼ਾਂ ਨੇ ਪ੍ਰਤੀ ਦਿਨ ਲਗਭਗ 22 ਲੱਖ ਬੈਰਲ ਉਤਪਾਦਨ ’ਚ ਕਟੌਤੀ ਕੀਤੀ ਹੈ। ਸਾਊਦੀ ਅਰਬ ਨੇ 2024 ਦੀ ਦੂਜੀ ਤਿਮਾਹੀ ਦੇ ਅੰਤ ਤੱਕ 10 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਊਰਜਾ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਤਪਾਦਨ ’ਚ ਕਟੌਤੀ ਦੇ ਇਸ ਵਿਸਥਾਰ ਦਾ ਮਤਲਬ ਹੈ ਕਿ ਸਾਊਦੀ ਅਰਬ ਜੂਨ ਦੇ ਅੰਤ ਤੱਕ ਪ੍ਰਤੀ ਦਿਨ 90 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ ਰੂਸ ਨੇ ਦੂਜੀ ਤਿਮਾਹੀ ’ਚ 4,71,000 ਬੈਰਲ ਪ੍ਰਤੀ ਦਿਨ ਦੀ ਸਵੈਇੱਛਤ ਵਾਧੂ ਕਟੌਤੀ ਦਾ ਐਲਾਨ ਵੀ ਕੀਤਾ। ਓਪੇਕ ਦਾ ਕਹਿਣਾ ਹੈ ਕਿ ਇਰਾਕ, ਸੰਯੁਕਤ ਅਰਬ ਅਮੀਰਾਤ, ਕੁਵੈਤ, ਕਜ਼ਾਕਿਸਤਾਨ, ਅਲਜੀਰੀਆ ਅਤੇ ਓਮਾਨ ਵੀ ਕਟੌਤੀ ਜਾਰੀ ਰੱਖਣਗੇ।