ਨਵੀਂ ਦਿੱਲੀ : ਲਾਲੂ ਪ੍ਰਸਾਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਐਤਵਾਰ ਪਟਨਾ ਰੈਲੀ ਵਿਚ ਕੀਤੀ ਇਸ ਟਿੱਪਣੀ ਕਿ ਜੇ ਮੋਦੀ ਦਾ ਪਰਵਾਰ ਨਹੀਂ ਹੈ ਤਾਂ ਉਹ ਕੀ ਕਰ ਸਕਦੇ ਹਨ, ਤੋਂ ਬਾਅਦ ਭਾਜਪਾ ਨੇ ਸੋਸ਼ਲ ਮੀਡੀਆ ’ਤੇ ‘ਮੋਦੀ ਕਾ ਪਰਵਾਰ’ ਨਾਂਅ ਦੀ ਮੁਹਿੰਮ ਛੇੜ ਦਿੱਤੀ ਹੈ। ਅਮਿਤ ਸ਼ਾਹ ਵਰਗੇ ਕਈ ਮੰਤਰੀਆਂ ਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਵਰਗੇ ਕਈ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪ੍ਰਧਾਨ ਮੰਤਰੀ ਦੀ ਹਮਾਇਤ ਵਿਚ ‘ਮੋਦੀ ਕਾ ਪਰਵਾਰ’ ਜੋੜ ਲਿਆ ਹੈ। ਕਾਂਗਰਸ ਨੇ ਟਿੱਚਰ ਕੀਤੀ ਹੈ ਕਿ ਭਾਜਪਾ ਆਗੂਆਂ ਨੇ ਆਪਣੀ ਵਫਾਦਾਰੀ ‘ਸੰਘ ਪਰਵਾਰ’ ਤੋਂ ਬਦਲ ਕੇ ‘ਮੋਦੀ ਪਰਵਾਰ’ ਨਾਲ ਕਰ ਲਈ ਹੈ।ਲਾਲੂ ਨੇ ਮੋਦੀ ਦੇ ਪਰਵਾਰਵਾਦ ’ਤੇ ਹਮਲਿਆਂ ਦੇ ਸੰਦਰਭ ਵਿਚ ਟਿੱਪਣੀ ਕੀਤੀ ਸੀ। ਕਾਂਗਰਸ ਆਗੂ ਨੇ ਭਾਜਪਾ ਦੀ ਇਸ ਮੁਹਿੰਮ ’ਤੇ ਕਿਹਾ ਕਿ ਉਹ ਹੁਣ ਪਰਵਾਰਵਾਦ ਬਾਰੇ ਨਹੀਂ ਬੋਲ ਸਕਦੀ। ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਨੇ ਕਿਹਾ ਕਿ ਭਾਜਪਾ ਦਾ ਇਖਲਾਕ ਤੇ ਅਸੂਲ ਬਦਲ ਗਏ ਹਨ। ਉਹ ਸਭ ਨੂੰ ਬੇਵਕੂਫ ਬਣਾ ਰਹੀ ਹੈ। ਪਹਿਲਾਂ ਭਾਜਪਾ ਆਗੂ ਕਹਿੰਦੇ ਸਨ ਕਿ ਉਨ੍ਹਾਂ ਲਈ ਪਹਿਲਾਂ ਦੇਸ਼ ਆਉਦਾ ਹੈ, ਫਿਰ ਪਾਰਟੀ ਤੇ ਉਸ ਤੋਂ ਬਾਅਦ ਆਗੂ। ਪਹਿਲਾਂ ਸੰਘ ਪਰਵਾਰ ਹੁੰਦਾ ਸੀ, ਹੁਣ ਮੋਦੀ ਪਰਵਾਰ ਹੋ ਗਿਆ ਹੈ। ਇਸੇ ਦੌਰਾਨ ਭਾਜਪਾ ਆਗੂ ਸੁਧਾਂਸ਼ੂ ਤਿ੍ਰਵੇਦੀ ਨੇ ਕਿਹਾ ਕਿ ਆਪੋਜ਼ੀਸ਼ਨ ਮੋਦੀ ਨਾਲ ਖਾਰ ਖਾਂਦੀ ਹੈ।
ਉਧਰ, ਮੋਦੀ ਨੇ ਸੋਮਵਾਰ ਤਿਲੰਗਾਨਾ ਦੇ ਆਦਿਲਾਬਾਦ ਵਿਚ ਰੈਲੀ ’ਚ ਲਾਲੂ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾਮੈਂ ਉਨ੍ਹਾ ਦੀ ਖਾਨਦਾਨੀ ਸਿਆਸਤ ਨੂੰ ਵੰਗਾਰਦਾ ਹਾਂ ਤੇ ਉਹ ਕਹਿੰਦੇ ਹਨ ਕਿ ਮੋਦੀ ਦਾ ਪਰਵਾਰ ਨਹੀਂ, ਮੇਰੀ ਜ਼ਿੰਦਗੀ ਖੁੱਲ੍ਹੀ ਕਿਤਾਬ ਹੈ। ਮੈਂ ਆਪਣੇ ਦੇਸ਼ ਲਈ ਜਿਊਂਦਾ ਹਾਂ।