ਕਲਾਨੌਰ (ਮਨਦੀਪ ਕੋਹਲੀ)
ਕਸਬਾ ਕਲਾਨੌਰ ਵਿੱਚ ਇੱਕ ਘਰ ਵਿੱਚੋਂ ਭੈਣ-ਭਰਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸ਼ਿਵ ਮੰਦਰ ਦੇ ਨਜ਼ਦੀਕ ਮੁਹੱਲੇ ਵਿੱਚ ਪਿੰਡ ਨਾਹਰਪੁਰ ਦਾ ਇੱਕ ਪਰਵਾਰ ਕਿਰਾਏ ’ਤੇ ਰਹਿ ਰਿਹਾ ਸੀ। ਪਰਵਾਰ ਦਾ ਮੁਖੀ ਹਰਪਾਲ ਕਿਸੇ ਦੀ ਦੁਕਾਨ ’ਤੇ ਕੱਪੜੇ ਸਿਲਾਈ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਮਾਂ ਦੋ-ਤਿੰਨ ਦਿਨ ਪਹਿਲਾਂ ਘਰ ਛੱਡ ਕੇ ਕਿਤੇ ਚਲੀ ਗਈ ਸੀ। ਘਰ ਵਿੱਚ ਹਰਪਾਲ ਅਤੇ ਤਿੰੰਨ ਸਾਲ ਦਾ ਬੇਟਾ ਹਰਪ੍ਰੀਤ ਤੇ ਕਰੀਬ ਛੇ ਸਾਲ ਦੀ ਲੜਕੀ ਜਸਪ੍ਰੀਤ ਸਨ। ਹਰਪਾਲ ਘਰ ਨੂੰ ਤਾਲਾ ਮਾਰ ਕੇ ਚਲਾ ਗਿਆ। ਬੱਚਿਆਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਕਲਾਨੌਰ ਦੇ ਐੱਸ ਐੱਚ ਓ ਅਵਤਾਰ ਸਿੰਘ, ਡੀ ਐੱਸ ਪੀ ਗੁਰਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਸ ਨੇ ਵਿਕਟਰ ਮਸੀਹ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ ਕਰ ਲਿਆ ਹੈ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟ-ਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਡੀ ਐੱਸ ਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।





