ਟੋਰਾਂਟੋ : ਓਟਵਾ ਦੇ ਘਰ ‘ਚ ਨਾਲ ਰਹਿੰਦੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਫੈਬਰੀਓ ਡੀ-ਜ਼ੋਯਸਾ ਨੂੰ ਢਾਈ ਮਹੀਨੇ ਦੀ ਬੱਚੀ ਸਣੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ‘ਚ ਗਿ੍ਫਤਾਰ ਕੀਤਾ ਗਿਆ ਹੈ | ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਹਾਲ ਹੀ ‘ਚ ਕੈਨੇਡਾ ਆਏ ਸਨ | ਮਰਨ ਵਾਲਿਆਂ ਵਿਚ 35 ਸਾਲਾ ਔਰਤ ਦਰਸ਼ਨੀ ਏਕਨਿਆਕੇ, ਉਸ ਦਾ ਸੱਤ ਸਾਲਾ ਪੁੱਤਰ ਏਨੁਕਾ ਵਿਕਰਮਸਿੰਘੇ, ਚਾਰ ਸਾਲਾ ਧੀ ਅਸ਼ਵਿਨੀ ਵਿਕਰਮਸਿੰਘੇ, ਦੋ ਸਾਲਾ ਧੀ ਰਿਨਿਆਨਾ ਵਿਕਰਮਸਿੰਘੇ ਅਤੇ ਢਾਈ ਮਹੀਨੇ ਦੀ ਬੱਚੀ ਕੈਲੀ ਵਿਕਰਮਸਿੰਘੇ ਅਤੇ ਪਰਵਾਰ ਦਾ 40 ਸਾਲਾ ਜਾਣਕਾਰ ਗਾਮਿਨੀ ਅਮਰਕੂਨ ਸ਼ਾਮਲ ਹਨ | ਪੁਲਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਮਿ੍ਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੰਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰ ਰਿਹਾ ਸੀ | ਪਿਤਾ ਵੀ ਗੰਭੀਰ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਪਰ ਉਸ ਦੀ ਜਾਨ ਨੂੰ ਖਤਰਾ ਨਹੀਂ ਹੈ |





