ਚੀਮਾ ਮੰਡੀ/ਸੰਗਰੂਰ/ਸੁਨਾਮ (ਰਵਿੰਦਰ ਚੀਮਾ/ਪ੍ਰਵੀਨ ਸਿੰਘ/ਹਾਕਮ ਸਿੰਘ ਭੱਟੀ, ਅਸ਼ੋਕ ਬਾਂਸਲ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਮੁਕਾਮੀ ਬਸ਼ਿੰਦਿਆਂ ਨੂੰ 839 ਕਰੋੜ ਰੁਪਏ ਦਾ ਤੋਹਫ਼ਾ ਦਿੱਤਾ। ਇੱਥੇ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਚਾਹੁੰਦੇ ਸਨ ਕਿ ਇਸ ਖਿੱਤੇ ਵਿੱਚ ਇੱਕ ਅਤਿ-ਆਧੁਨਿਕ ਹਸਪਤਾਲ ਹੋਵੇ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਸੁਪਨਾ ਧੂਰੀ ਵਿਖੇ 80 ਬਿਸਤਰਿਆਂ ਵਾਲੇ ਜੱਚਾ-ਬੱਚਾ ਹਸਪਤਾਲ, ਚੀਮਾ ਵਿਖੇ 30 ਬਿਸਤਰਿਆਂ ਵਾਲੇ ਰੂਰਲ ਹਸਪਤਾਲ ਅਤੇ ਕੋਹਰੀਆਂ ਵਿਖੇ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੀ ਸਥਾਪਨਾ ਨਾਲ ਸਾਕਾਰ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਹਸਪਤਾਲ ਦੇ ਅੰਦਰ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਨੂੰ ਬਾਹਰ ਨਾ ਜਾਣਾ ਪਵੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਤੇ ਖੜਗ ਭੁਜਾ ਹੈ ਅਤੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ 90 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਨੇ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆ-ਕਲਪ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਖ਼ਜ਼ਾਨਾ ਕਦੇ ਵੀ ਖਾਲੀ ਨਹੀਂ ਰਿਹਾ, ਪਰ ਸਿਆਸੀ ਆਗੂਆਂ ਕੋਲ ਆਮ ਆਦਮੀ ਦੀ ਭਲਾਈ ਲਈ ਨੀਅਤ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਕੋਈ ਉਪਰਾਲਾ ਨਹੀਂ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਬਹੁਤ ਚੰਗੀ ਖ਼ਬਰ ਮਿਲੇਗੀ ਕਿਉਕਿ ਲੀਡਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਣਾਏ ਵੱਡੇ ਪੈਲੇਸ ਅਤੇ ਫਾਰਮ ਹਾਊਸਾਂ ਨੂੰ ਜਲਦੀ ਢਾਹ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਮ ਆਦਮੀ ਦੇ ਖ਼ੂਨ-ਪਸੀਨੇ ਨਾਲ ਕਮਾਏ ਪੈਸੇ ਨਾਲ ਇਹ ਸ਼ਾਨਦਾਰ ਮਹਿਲ ਬਣਾਏ ਹਨ, ਜੋ ਬਰਦਾਸ਼ਤਯੋਗ ਨਹੀਂ ਹੈ ਅਤੇ ਹਰ ਪੰਜਾਬੀ ਦੇ ਮਨ ਨੂੰ ਸਕੂਨ ਪਹੁੰਚਾਉਣ ਲਈ ਇਨ੍ਹਾਂ ਨੂੰ ਜਲਦੀ ਹੀ ਢਹਿ-ਢੇਰੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਸਿਆਸੀ ਆਗੂਆਂ ਨੇ ਲੋਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐੱਲ ਪੀ ਜੀ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਉਨ੍ਹਾਂ ਨੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ, ਪਰ ਹੁਣ ਉਹ ਭਾਅ ਵਿੱਚ ਕਟੌਤੀ ਕਰਕੇ ਆਮ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇਨ੍ਹਾਂ ਜੁਮਲਿਆਂ ਦੇ ਝਾਂਸੇ ਵਿੱਚ ਨਾ ਆਉਣ ਦੀ ਸਲਾਹ ਦਿੱਤੀ। ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ’ਚ ਵਾਪਸੀ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਚੁੱਕਾ ਹੈ, ਜੋ ਜਨਤਾ ਨਾਲੋਂ ਪੂਰੀ ਤਰ੍ਹਾਂ ਟੁੱਟਣ ਕਾਰਨ ਕਦੇ ਸੀਟ ਨਹੀਂ ਜਿੱਤ ਸਕੇ। ਉਨ੍ਹਾ ਕਿਹਾ ਕਿ ਭਾਵੇਂ ਢੀਂਡਸਾ ਪਰਵਾਰ ਨੇ ਅਕਾਲੀ ਦਲ ਵਿੱਚ ‘ਘਰ ਵਾਪਸੀ’ ਹੋਣ ਦਾ ਦਾਅਵਾ ਕੀਤਾ ਹੈ, ਪਰ ਉਹ ਹੁਣ ਕਦੇ ਵੀ ਆਮ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ, ਕਿਉਕਿ ਆਮ ਲੋਕ ਜਾਣਦੇ ਹਨ ਕਿ ਇਹ ਆਗੂ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਚਾਹੁੰਦੇ।
ਮੁੱਖ ਮੰਤਰੀ ਨੇ ਆਰ.ਡੀ.ਐੱਫ. ਅਤੇ ਐੱਨ.ਐੱਚ.ਐੱਮ. ਤਹਿਤ ਫੰਡਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ, ਜਿਸ ਨਾਲ ਸੂਬੇ ਦੇ ਵਿਕਾਸ ਵਿੱਚ ਖੜੋਤ ਆ ਰਹੀ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ 8000 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਨੂੰ ਗਲਤ ਤਰੀਕੇ ਨਾਲ ਰੋਕਿਆ ਗਿਆ ਹੈ। ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਹੋਰ ਆਗੂ ਸੱਤਾ ਦਾ ਸੁੱਖ ਲੈਣ ਲਈ ਪੰਜਾਬ ਨਾਲ ਸੰਬੰਧਤ ਮੁੱਦਿਆਂ ’ਤੇ ਚੁੱਪੀ ਧਾਰੀ ਬੈਠੇ ਹਨ। ਉਨ੍ਹਾ ਕਿਹਾ ਕਿ ਇੱਕ ਪਾਸੇ ਭਾਜਪਾ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਆਗੂ ਆਪਣੇ ਹਿੱਤਾਂ ਲਈ ਭਗਵਾਂ ਪਾਰਟੀ ਦੇ ਗੁਣ ਗਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਕਰਕੇ ਇਨ੍ਹਾਂ ਨੂੰ ਚੰਗਾ ਸਬਕ ਸਿਖਾਉਣ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਤਾਂ ਜੋ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਵਿਰੁੱਧ ਟਾਕਰਾ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਨੂੰ 13-0 ਨਾਲ ਜਿਤਾ ਕੇ ‘ਆਪ’ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।





