ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਰਨਾਟਕ ਦੇ ਭਾਜਪਾ ਸਾਂਸਦ ਅਨੰਤ ਕੁਮਾਰ ਹੈਗੜੇ ਦੇ ਇਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ ਕਿ ਭਾਜਪਾ ਸੰਵਿਧਾਨ ਨੂੰ ਮੁੜ ਲਿਖਣ ਲਈ ਹੀ ਐਤਕੀਂ ਲੋਕ ਸਭਾ ਦੀਆਂ 400 ਸੀਟਾਂ ਮੰਗ ਰਹੀ ਹੈ। ਉੱਤਰ ਕੰਨੜਾ ਤੋਂ ਸਾਂਸਦ ਹੈਗੜੇ ਨੇ ਕਿਹਾ ਸੀਕਾਂਗਰਸ ਆਗੂਆਂ ਨੇ ਬੀਤੇ ਵਿਚ ਸੰਵਿਧਾਨ ’ਚ ਇਸ ਤਰ੍ਹਾਂ ਸੋਧਾਂ ਕੀਤੀਆਂ ਕਿ ਹਿੰਦੂਵਾਦ ਅੱਗੇ ਨਾ ਆ ਸਕੇ। ਸਾਨੂੰ ਆਪਣੇ ਧਰਮ ਨੂੰ ਬਚਾਉਣ ਲਈ ਸੰਵਿਧਾਨ ਬਦਲਣ ਦੀ ਲੋੜ ਹੈ। ਲੋਕ ਸਭਾ ਵਿਚ ਸਾਡੇ ਕੋਲ ਦੋ-ਤਿਹਾਈ ਬਹੁਮਤ ਹੈ, ਪਰ ਸੰਵਿਧਾਨ ਬਦਲਣ ਲਈ ਰਾਜ ਸਭਾ ਵਿਚ ਨਹੀਂ। 400 ਤੋਂ ਵੱਧ ਸੀਟਾਂ ਆਉਣ ’ਤੇ ਅਸੀਂ ਸੰਵਿਧਾਨ ਬਦਲ ਸਕਾਂਗੇ। ਰਾਜਾਂ ਵਿਚ ਵੀ ਦੋ-ਤਿਹਾਈ ਬਹੁਮਤ ਚਾਹੀਦਾ ਹੈ। ਇਸ ਤਰ੍ਹਾਂ ਸਾਨੂੰ ਲੋਕ ਸਭਾ, ਰਾਜ ਸਭਾ ਤੇ ਰਾਜਾਂ ਵਿਚ ਦੋ-ਤਿਹਾਈ ਬਹੁਮਤ ਚਾਹੀਦਾ ਹੈ। ਇਸ ਤੋਂ ਬਾਅਦ ਸੰਵਿਧਾਨ ਬਦਲ ਕੇ ਹਿੰਦੂਵਾਦ ਨੂੰ ਅੱਗੇ ਲਿਆਉਣ ਦੇ ਰਾਹ ਵਿਚ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ।
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਸਾਂਸਦ ਦਾ ਬਿਆਨ ਕਿ ਉਨ੍ਹਾਂ ਨੂੰ 400 ਸੀਟਾਂ ਸੰਵਿਧਾਨ ਬਦਲਣ ਲਈ ਚਾਹੀਦੀਆਂ ਹਨ, ਨਰਿੰਦਰ ਮੋਦੀ ਤੇ ਉਨ੍ਹਾ ਦੇ ਸੰਘ ਪਰਵਾਰ ਦੇ ਲੁਕਵੇਂ ਮਨਸੂਬਿਆਂ ਦਾ ਜਨਤਕ ਐਲਾਨ ਹੈ। ਨਰਿੰਦਰ ਮੋਦੀ ਤੇ ਭਾਜਪਾ ਦਾ ਅੰਤਮ ਨਿਸ਼ਾਨਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨਾ ਹੈ। ਉਨ੍ਹਾਂ ਨੂੰ ਇਨਸਾਫ, ਬਰਾਬਰੀ, ਨਾਗਰਿਕ ਅਧਿਕਾਰ ਤੇ ਜਮਹੂਰੀਅਤ ਤੋਂ ਨਫਰਤ ਹੈ। ਸਮਾਜ ਨੂੰ ਵੰਡ ਕੇ, ਮੀਡੀਆ ਨੂੰ ਗੁਲਾਮ ਬਣਾ ਕੇ, ਪ੍ਰਗਟਾਵੇ ਦੀ ਆਜ਼ਾਦੀ ’ਤੇ ਪਹਿਰਾ ਲਾ ਕੇ ਅਤੇ ਆਜ਼ਾਦ ਸੰਸਥਾਵਾਂ ਨੂੰ ਨਿੱਸਲ ਕਰਕੇ ਆਪੋਜ਼ੀਸ਼ਨ ਨੂੰ ਮਿਟਾਉਣ ਦੀ ਸਾਜ਼ਿਸ਼ ਨਾਲ ਉਹ ਭਾਰਤ ਦੀ ਮਹਾਨ ਜਮਹੂਰੀਅਤ ਨੂੰ ਤੰਗਨਜ਼ਰ ਤਾਨਾਸ਼ਾਹੀ ਵਿਚ ਬਦਲਣਾ ਚਾਹੁੰਦੇ ਹਨ। ਅਸੀਂ ਆਜ਼ਾਦੀ ਦੇ ਨਾਇਕਾਂ ਦੇ ਸੁਫਨਿਆਂ ਨਾਲ ਇਹ ਖੜਯੰਤਰ ਸਫਲ ਨਹੀਂ ਹੋਣ ਦੇਵਾਂਗੇ ਅਤੇ ਆਖਰੀ ਸਾਹ ਤੱਕ ਸੰਵਿਧਾਨ ਨਾਲ ਮਿਲੇ ਜਮਹੂਰੀ ਅਧਿਕਾਰਾਂ ਦੀ ਲੜਾਈ ਲੜਦੇ ਰਹਾਂਗੇ। ਸੰਵਿਧਾਨ ਦਾ ਹਰ ਸਿਪਾਹੀ, ਖਾਸ ਕਰਕੇ ਦਲਿਤ, ਆਦਿਵਾਸੀ, ਪੱਛੜੇ ਤੇ ਘੱਟਗਿਣਤੀਆਂ ਜਾਗਣ, ਆਪਣੀ ਆਵਾਜ਼ ਉਠਾਉਣ-ਇੰਡੀਆ ਤੁਹਾਡੇ ਨਾਲ ਹੈ।





