ਚੰਡੀਗੜ੍ਹ : ਤਾਵੜੂ ਦੇ ਡੀ ਐੱਸ ਪੀ ਸੁਰਿੰਦਰ ਸਿੰਘ ਨੂੰ ਮੰਗਲਵਾਰ ਡੰਪਰ ਡਰਾਈਵਰ ਨੇ ਉਸ ਵੇਲੇ ਆਪਣੀ ਗੱਡੀ ਹੇਠ ਦੇ ਕੇ ਮਾਰ ਦਿੱਤਾ, ਜਦੋਂ ਉਸ ਨੂੰ ਰੋਕ ਕੇ ਕਾਗਜ਼ਾਤ ਮੰਗੇ ਗਏ | ਡੀ ਐੱਸ ਪੀ ਆਪਣੀ ਟੀਮ ਸਮੇਤ ਟੌਰੂ ਨੇੜੇ ਪਚਗਾਓਾ ਇਲਾਕੇ ‘ਚ ਅਰਾਵਲੀ ਪਹਾੜੀਆਂ ‘ਤੇ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਨ ਗਿਆ ਸੀ | ਸਵੇਰੇ 11.50 ਵਜੇ ਦੇ ਕਰੀਬ ਡੀ ਐੱਸ ਪੀ, ਦੋ ਪੁਲਸ ਮੁਲਾਜ਼ਮਾਂ, ਡਰਾਈਵਰ ਅਤੇ ਗੰਨਮੈਨ ਨੂੰ ਨਾਲ ਲੈ ਕੇ ਛਾਪਾ ਮਾਰਨ ਗਿਆ | ਉਸ ਨੇ ਡੰਪਰ ਨੂੰ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ | ਉਸ ਨੇ ਡਰਾਈਵਰ ਤੋਂ ਕਾਗਜ਼ਾਤ ਮੰਗੇ, ਪਰ ਡਰਾਈਵਰ ਨੇ ਗੱਡੀ ਭਜਾਉਣ ਵੇਲੇ ਡੀ ਐੱਸ ਪੀ ਨੂੰ ਹੇਠਾਂ ਦੇ ਕੇ ਮਾਰ ਦਿੱਤਾ ਤੇ ਫਰਾਰ ਹੋ ਗਿਆ | ਨੂਹ ਜ਼ਿਲ੍ਹਾ ਮਾਈਨਿੰਗ ਮਾਫੀਆ ਵੱਲੋਂ ਪੁਲਸ ‘ਤੇ ਹਮਲਿਆਂ ਲਈ ਬਦਨਾਮ ਹੈ | ਇਸੇ ਦੌਰਾਨ ਥਾਣਾ ਨੂਹ ਪੁਲਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ | ਉਸ ਦੀ ਅੱਕੜ ਵਜੋਂ ਪਛਾਣ ਕੀਤੀ ਗਈ ਹੈ | ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਿ੍ਤਕ ਡੀ ਐੱਸ ਪੀ ਨੂੰ ਸ਼ਹੀਦ ਕਰਾਰ ਦੇ ਕੇ ਪਰਵਾਰ ਨੂੰ ਇਕ ਕਰੋੜ ਰੁਪਏ ਦੇਣ ਦੇ ਨਾਲ-ਨਾਲ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ | ਹਿਸਾਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਸੁਰਿੰਦਰ ਸਿੰਘ ਬਿਸ਼ਨੋਈ ਨੇ 31 ਅਕਤੂਬਰ ਨੂੰ ਰਿਟਾਇਰ ਹੋਣਾ ਸੀ |