ਬਾਗਲਕੋਟ : ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਭਗਵਤੀ ਪਿੰਡ ’ਚ ਨੌਜਵਾਨ ਨੇ ਅੜਿੱਕਾ ਬਣਨ ’ਤੇ ਆਪਣੀ ਪ੍ਰੇਮਿਕਾ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਦਲਿਤ ਨੌਜਵਾਨ ਪ੍ਰਵੀਨ ਕਾਂਬਲੇ ਦਾ ਸੰਬੰਧ ਉੱਚ ਜਾਤੀ ਨਾਲ ਸੰਬੰਧਤ 52 ਸਾਲਾ ਸੰਗਨਾਗੌੜਾ ਪਾਟਿਲ ਦੀ ਧੀ ਨਾਲ ਸੀ। ਕੁਝ ਦਿਨ ਪਹਿਲਾਂ ਸੰਗਨਾਗੌੜਾ ਪਾਟਿਲ ਨੇ ਆਪਣੀ ਬੇਟੀ ਨੂੰ ਮਿਲਣ ਦੀ ਕੋਸ਼ਿਸ਼ ਕਰਨ ’ਤੇ ਪ੍ਰਵੀਨ ਕਾਂਬਲੇ ਦੀ ਕੁੱਟਮਾਰ ਵੀ ਕੀਤੀ ਸੀ। ਉਸ ਘਟਨਾ ਤੋਂ ਬਾਅਦ ਕੁੜੀ ਨੇ ਨੌਜਵਾਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਮੁਤਾਬਕ ਗੁੱਸੇ ’ਚ ਆਏ ਮੁਲਜ਼ਮ ਨੇ ਸੰਗਨਾਗੌੜਾ ’ਤੇ ਛੁਰੇ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਚੀਨੀ ਇਤਰਾਜ਼ ਰੱਦ
ਨਵੀਂ ਦਿੱਲੀ : ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੇ ਹਾਲੀਆ ਦੌਰੇ ’ਤੇ ਚੀਨ ਦੇ ਇਤਰਾਜ਼ ਨੂੰ ਮੰਗਲਵਾਰ ਜ਼ੋਰਦਾਰ ਢੰਗ ਨਾਲ ਰੱਦ ਕਰਦੇ ਹੋਏ ਕਿਹਾ ਕਿ ਇਹ ਸੂਬਾ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਰਿਹਾ ਹੈ ਅਤੇ ਰਹੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਚੀਨੀ ਪੱਖ ਨੂੰ ਕਈ ਮੌਕਿਆਂ ’ਤੇ ਇਸ ਸਟੈਂਡ ਬਾਰੇ ਸੂਚਿਤ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਭਾਰਤੀ ਨੇਤਾਵਾਂ ਦੇ ਅਰੁਣਾਚਲ ਪ੍ਰਦੇਸ਼ ਦੇ ਅਜਿਹੇ ਦੌਰਿਆਂ ਜਾਂ ਰਾਜ ’ਚ ਭਾਰਤ ਦੇ ਵਿਕਾਸ ਪ੍ਰਾਜੈਕਟਾਂ ’ਤੇ ਇਤਰਾਜ਼ ਕਰਨ ਦਾ ਕੋਈ ਅਧਿਕਾਰ ਨਹੀਂ।
ਸੁਰਿੰਦਰ ਯਾਦਵ ਚੰਡੀਗੜ੍ਹ ਦੇ ਨਵੇਂ ਡੀ ਜੀ ਪੀ
ਚੰਡੀਗੜ੍ਹ : ਏ ਜੀ ਐੱਮ ਯੂ ਟੀ ਕੇਡਰ ਦੇ 1997 ਬੈਚ ਦੇ ਆਈ ਪੀ ਐੱਸ ਅਧਿਕਾਰੀ ਸੁਰਿੰਦਰ ਸਿੰਘ ਯਾਦਵ ਦਾ ਦਿੱਲੀ ਤੋਂ ਤਬਾਦਲਾ ਕਰਕੇ ਉਨ੍ਹਾ ਨੂੰ ਚੰਡੀਗੜ੍ਹ ਦਾ ਨਵਾਂ ਡੀ ਜੀ ਪੀ ਨਿਯੁਕਤ ਕੀਤਾ ਗਿਆ ਹੈ। ਯਾਦਵ 1993 ਬੈਚ ਦੇ ਅਧਿਕਾਰੀ ਪ੍ਰਵੀਰ ਰੰਜਨ ਦੀ ਥਾਂ ਲੈਣਗੇ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ।

