ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਸੁਪਰੀਮ ਕੋਰਟ ’ਚ ਹੁਕਮ ਦੀ ਪਾਲਣਾ ਬਾਰੇ ਹਲਫਨਾਮਾ ਦਾਇਰ ਕਰਦਿਆਂ ਕਿਹਾ ਹੈ ਕਿ ਉਸ ਨੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਦੇ ਵੇਰਵੇ ਜਮ੍ਹਾਂ ਕਰਾ ਦਿੱਤੇ ਹਨ। ਇਸ ’ਚ ਚੋਣ ਬਾਂਡ ਦੀ ਖਰੀਦ ਮਿਤੀ, ਖਰੀਦਦਾਰਾਂ ਦੇ ਨਾਂਅ ਅਤੇ ਕੀਮਤ ਦੇ ਵੇਰਵੇ ਸ਼ਾਮਲ ਹਨ। ਬੈਂਕ ਨੇ ਦੱਸਿਆ ਕਿ ਚੋਣ ਬਾਂਡ ਭੁਨਾਉਣ ਦੀ ਮਿਤੀ ਅਤੇ ਚੰਦਾ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਨਾਵਾਂ ਦੀ ਜਾਣਕਾਰੀ ਵੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ। 1 ਅਪਰੈਲ 2019 ਤੋਂ 15 ਫਰਵਰੀ 2024 ਦਰਮਿਆਨ ਖਰੀਦੇ ਚੋਣ ਬਾਂਡਾਂ ਦੇ ਸੰਬੰਧ ’ਚ ਚੋਣ ਕਮਿਸ਼ਨ ਨੂੰ ਵੇਰਵੇ ਸੌਂਪੇ ਗਏ ਹਨ। 1 ਅਪਰੈਲ 2019 ਤੋਂ 15 ਫਰਵਰੀ 2024 ਦੇ ਵਿਚਕਾਰ 22,217 ਚੋਣ ਬਾਂਡ ਖਰੀਦੇ ਗਏ ਸਨ। ਬੈਂਕ ਨੇ ਦੱਸਿਆ ਕਿ 1 ਅਪਰੈਲ 2019 ਅਤੇ 11 ਅਪਰੈਲ 2019 ਵਿਚਕਾਰ 3,346 ਚੋਣ ਬਾਂਡ ਖਰੀਦੇ ਗਏ ਸਨ ਅਤੇ ਇਨ੍ਹਾਂ ਵਿੱਚੋਂ 1,609 ਨੂੰ ਭੁਨਾਇਆ ਕੀਤਾ ਗਿਆ ਸੀ। 12 ਅਪਰੈਲ 2019 ਤੋਂ 15 ਫਰਵਰੀ 2024 ਤੱਕ 18,871 ਚੋਣ ਬਾਂਡ ਖਰੀਦੇ ਗਏ ਸਨ। ਕੁੱਲ 22,217 ਚੋਣ ਬਾਂਡ ਖਰੀਦੇ ਗਏ ਸਨ ਅਤੇ ਇਨ੍ਹਾਂ ਵਿੱਚੋਂ 22,030 ਬਾਂਡ ਸਿਆਸੀ ਪਾਰਟੀਆਂ ਵੱਲੋਂ ਭੁਨਾਏ ਗਏ।




