ਨਵੀਂ ਦਿੱਲੀ : ਅਮਰੀਕਾ ਵੱਲੋਂ ਸੀ ਏ ਏ ਬਾਰੇ ਚਿੰਤਾ ਪ੍ਰਗਟਾਉਣ ‘ਤੇ ਭਾਰਤ ਨੇ ਨਾਰਾਜ਼ਗੀ ਜਤਾਈ ਹੈ | ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਨੂੰ ਦੇਸ਼ ਦੀਆਂ ਸਾਂਝੀਆਂ ਪ੍ਰੰਪਰਾਵਾਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਧਿਆਨ ‘ਚ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ |
ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸੀ ਏ ਏ ਨਾਗਰਿਕਤਾ ਦੇਣ ਬਾਰੇ ਹੈ, ਨਾਗਰਿਕਤਾ ਖੋਹਣ ਬਾਰੇ ਨਹੀਂ | ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਘੱਟਗਿਣਤੀਆਂ ਨਾਲ ਵਿਹਾਰ ਪ੍ਰਤੀ ਚਿੰਤਾ ਦਾ ਕੋਈ ਆਧਾਰ ਨਹੀਂ ਹੈ | ਅਮਰੀਕਾ ਨੇ ਕਿਹਾ ਸੀ ਕਿ ਉਹ ਸੀ ਏ ਏ ਦੇ ਨੋਟੀਫਿਕੇਸ਼ਨ ਕਾਰਨ ਚਿੰਤਤ ਹੈ ਅਤੇ ਇਸ ਦੇ ਲਾਗੂ ਕਰਨ ਦੀ ਪ੍ਰਕਿਰਿਆ ‘ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ | ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਕਿਹਾ—ਅਸੀਂ 11 ਮਾਰਚ ਨੂੰ ਜਾਰੀ ਨਾਗਰਿਕਤਾ (ਸੋਧ) ਕਾਨੂੰਨ ਦੇ ਨੋਟੀਫਿਕੇਸ਼ਨ ਕਾਰਨ ਚਿੰਤਤ ਹਾਂ | ਅਸੀਂ ਇਸ ਐਕਟ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ | ਧਾਰਮਿਕ ਅਜ਼ਾਦੀ ਦਾ ਸਤਿਕਾਰ ਅਤੇ ਸਾਰੇ ਭਾਈਚਾਰਿਆਂ ਨਾਲ ਕਾਨੂੰਨ ਅਧੀਨ ਬਰਾਬਰ ਦਾ ਵਿਹਾਰ ਬੁਨਿਆਦੀ ਜਮਹੂਰੀ ਸਿਧਾਂਤ ਹਨ |




