16.6 C
Jalandhar
Tuesday, December 3, 2024
spot_img

ਆਜ਼ਾਦੀ ਤੇ ਜਮਹੂਰੀਅਤ ਖਤਰੇ ’ਚ : ਮਾਨ

ਬੰਗਾ/ਨਵਾਂਸ਼ਹਿਰ (ਅਵਤਾਰ ਕਲੇਰ, ਕੁਲਵਿੰਦਰ ਸਿੰਘ ਦੁਰਗਾਪੁਰੀਆ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ’ਤੇ ਸ਼ਨੀਵਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨੂੰ ਹਰੇਕ ਖੇਤਰ ਵਿੱਚ ਮੋਹਰੀ ਸੂਬਾ ਬਣਾ ਕੇ ਮਹਾਨ ਸ਼ਹੀਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਵੀ ਵੱਡੇ ਉਪਰਾਲੇ ਕਰਨ ਦਾ ਅਹਿਦ ਲਿਆ। ਸ਼ਹੀਦ-ਏ-ਆਜ਼ਮ ਦੇ ਜੀਵਨ ਨੂੰ ਦਰਸਾਉਣ ਲਈ ਹਾਈ-ਟੈਕ ਅਜਾਇਬ ਘਰ ਨੂੰ ਸਮਰਪਿਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਠੀਕ ਦੋ ਸਾਲ ਪਹਿਲਾਂ ਉਨ੍ਹਾਂ ਨੇ ਇਸ ਪਵਿੱਤਰ ਧਰਤੀ ’ਤੇ ਸਹੁੰ ਚੁੱਕਣ ਤੋਂ ਬਾਅਦ ਹੀ ਆਪਣਾ ਅਹੁਦਾ ਸੰਭਾਲਿਆ ਸੀ। ਉਨ੍ਹਾ ਕਿਹਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਹਰ ਕਾਰਜ ਉਸ ਮਹਾਨ ਸ਼ਹੀਦ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਇੱਕ ਮਿੰਟ ਲਈ ਵੀ ਅਰਾਮ ਨਹੀਂ ਕੀਤਾ ਅਤੇ ਸੂਬੇ ਦੀ ਤਰੱਕੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਕਿਉਂਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਵਿੱਚ ਜਸ਼ਨ ਮਨਾਉਣ ਦੇ ਸਮਾਗਮ ਹੋਣੇ ਸ਼ੁਰੂ ਹੋ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਗਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪੰਜਾਬ ਜਲਦੀ ਹੀ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਪਰਾਲਾ ਇਨ੍ਹਾਂ ਦੋਵਾਂ ਆਗੂਆਂ ਨੂੰ ਸ਼ਰਧਾਂਜਲੀ ਹੈ, ਕਿਉਂਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਲਈ ਆਜ਼ਾਦੀ ਲਿਆਂਦੀ ਸੀ, ਜਦਕਿ ਬਾਬਾ ਸਾਹਿਬ ਭਾਰਤ ਦੇ ਸੰਵਿਧਾਨ ਦੇ ਮੁੱਖ ਨਿਰਮਾਤਾ ਸਨ, ਜੋ ਸਾਡੇ ਲੋਕਤੰਤਰ ਨੂੰ ਸੇਧ ਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਜ਼ਾਦੀ ਅਤੇ ਜਮਹੂਰੀਅਤ, ਦੋਵੇਂ ਖਤਰੇ ਵਿੱਚ ਹਨ, ਕਿਉਂਕਿ ਕੇਂਦਰ ਸਰਕਾਰ ਇਨ੍ਹਾਂ ਨੂੰ ਸਾਬੋਤਾਜ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਕੇਂਦਰੀ ਏਜੰਸੀਆਂ ਨੂੰ ਬਾਂਹ ਮਰੋੜ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਰਡੀਨੈਂਸ ਲਿਆ ਕੇ ਨਿਆਂਪਾਲਿਕਾ ਦੇ ਹੁਕਮਾਂ ਨੂੰ ਉਲਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਨਵੇਂ ਮੈਡੀਕਲ ਕਾਲਜ ਸਥਾਪਤ ਕਰ ਰਹੀ ਹੈ ਅਤੇ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਅਕਾਲੀ ਦਲ ’ਚ ਪਰਤਣ ਵਾਲੇ ਕੁਝ ਆਗੂਆਂ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਆਗੂਆਂ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਕਈ ਵਾਰ ਨਕਾਰਿਆ ਹੈ। ਉਨ੍ਹਾ ਕਿਹਾ ਕਿ ਇਹ ਆਗੂ ਅਕਾਲੀ ਦਲ ’ਚ ‘ਘਰ ਵਾਪਸ’ ਤਾਂ ਕਰ ਸਕਦੇ ਹਨ, ਪਰ ਆਮ ਲੋਕਾਂ ਦਾ ਦਿਲ ਕਦੇ ਨਹੀਂ ਜਿੱਤ ਸਕਦੇ, ਜੋ ਜਾਣਦੇ ਹਨ ਕਿ ਇਹ ਆਗੂ ਸਿਰਫ ਆਪਣਾ ਫਾਇਦਾ ਸੋਚਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਪਿਤਾ ਸਵਰਗੀ ਕਿਸ਼ਨ ਸਿੰਘ ਦੀ ਸਮਾਧ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਵੀ ਭੇਟ ਕੀਤੇ। ਭਗਵੰਤ ਸਿੰਘ ਮਾਨ ਨੇ ਨਵੇਂ ਬਣੇ ਅਜਾਇਬ ਘਰ ਦਾ ਦੌਰਾ ਵੀ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 325 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਵਿਸਥਾਰ ਦਾ ਨੀਂਹ ਪੱਥਰ ਵੀ ਰੱਖਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ।ਕਾਲਜ ਦੀ ਸਥਾਪਨਾ ਪੀ ਏ ਯੂ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਇਹ ਕਾਲਜ ਪੀ ਏ ਯੂ ਦਾ ਪਹਿਲਾ ਕਾਲਜ ਹੈ, ਜੋ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਤ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਸ ਖਿੱਤੇ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇਣਾ ਹੈ, ਕਿਉਕਿ ਇਹ ਖਿੱਤਾ ਕੁਝ ਪ੍ਰਸਥਿਤੀਆਂ ਕਾਰਨ ਸੂਬੇ ਦੇ ਬਾਕੀ ਹਿੱਸਿਆਂ ਨਾਲੋਂ ਪਛੜਿਆ ਰਹਿ ਗਿਆ ਹੈ।
ਉਨ੍ਹਾ ਦੱਸਿਆ ਕਿ ਇਸ ਕਾਲਜ ਵਿੱਚ ਵਿਦਿਆਰਥੀ ਬੀ ਐੱਸ ਸੀ ਐਗਰੀਕਲਚਰ ਦੇ ਚਾਰ ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲੈ ਸਕਣਗੇ ਅਤੇ ਹਰ ਸਾਲ ਇਸ ਡਿਗਰੀ ਕੋਰਸ ਵਿੱਚ 120 ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਉਹਨਾ ਦੱਸਿਆ ਕਿ ਸੂਬਾ ਸਰਕਾਰ ਨੇ ਕਾਲਜ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਵਿੱਚੋਂ 35 ਕਰੋੜ ਰੁਪਏ ਕੈਂਪਸ ਵਿੱਚ ਇਮਾਰਤਾਂ ਦੀ ਉਸਾਰੀ ਲਈ ਅਤੇ ਬਾਕੀ ਦੀ ਰਾਸ਼ੀ ਆਉਣ ਵਾਲੇ ਪੰਜ ਸਾਲਾਂ ਲਈ ਤਨਖਾਹਾਂ ਦੇਣ ਵਾਸਤੇ ਵਰਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles