ਫਾਜ਼ਿਲਕਾ (ਪਰਮਜੀਤ ਢਾਬਾਂ)
2 ਲੱਖ ਰੁਪਏ ਦੇ ਇਨਾਮੀ ਭਗੌੜੇ ਅਮਨ ਸਕੋਡਾ ਨੂੰ ਵਾਰਾਨਸੀ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਐੱਸ ਐੱਸ ਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਵਾਸੀ ਚੱਕ ਪੁੰਨਾਵਾਲਾ ਉਰਫ ਖਿਲਚੀਆਂ, ਥਾਣਾ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ ਕਾਫੀ ਸਾਲਾਂ ਤੋਂ ਭਗੌੜਾ ਚਲਿਆ ਆ ਰਿਹਾ ਸੀ। ਸਕੌਡਾ ਨੂੰ ਗਿ੍ਰਫਤਾਰ ਕਰਨ ਲਈ ਪਿਛਲੇ ਕਰੀਬ 4-5 ਸਾਲਾਂ ਤੋਂ ਫਾਜ਼ਿਲਕਾ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚੰਡੀਗੜ੍ਹ, ਹਿਮਾਚਲ ਪ੍ਰਦੇਸ, ਪੰਚਕੂਲਾ, ਰਾਜਸਥਾਨ, ਹਰਿਆਣਾ ਆਦਿ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ। ਸਕੌਡਾ ਖਿਲਾਫ ਧਾਰਾ 307, 420, 384, 326, 365, 465, 467, 471, 120ਬੀ, ਭ ਦ, 66, 67 ਆਈ ਟੀ ਐਕਟ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁੱਲ 38 ਮੁਕੱਦਮੇ ਦਰਜ ਹਨ। ਸਕੌਡਾ ਨੂੰ ਸ਼ਨੀਵਾਰ ਅਦਾਲਤ ਫਾਜ਼ਿਲਕਾ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ 20 ਮਾਰਚ ਤੱਕ ਪੁਲਸ ਰਿਮਾਂਡ ਦੇ ਦਿੱਤਾ। ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਖਾਸਮਖਾਸ ਮੰਨੇ ਜਾਂਦੇ ਸਕੌਡਾ ਨੂੰ ਫੜਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਪੁਲਸ ਦੀ ਇਹ ਸਭ ਤੋਂ ਵੱਡੀ ਕਾਮਯਾਬੀ ਹੈ ਅਤੇ ਇਸ ਲਈ ਜ਼ਿਲ੍ਹਾ ਫਾਜ਼ਿਲਕਾ ਦਾ ਪੁਲਸ ਮੁਖੀ ਵਧਾਈ ਦਾ ਪਾਤਰ ਹੈ। ਉਹਨਾ ਦੱਸਿਆ ਕਿ ਉਸ ਦੇ ਜ਼ਿਲ੍ਹੇ ਵਿੱਚ ਦਰਜਨਾਂ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਸੀ ਅਤੇ ਉਸ ਖਿਲਾਫ ਕਾਰਵਾਈ ਕਰਵਾਉਣ ਲਈ ਉਸ ਨੇ ਆਪਣੀ ਪਾਰਟੀ ਤਹਿਤ ਉਸ ਖਿਲਾਫ ਕਦਮ ਚੁੱਕਿਆ ਸੀ। ਉਸ ਨੇ ਪੁਲਸ ਅਫਸਰਾਂ ਨਾਲ ਮਿਲ ਕੇ ਉਸ ’ਤੇ ਜਾਨਲੇਵਾ ਹਮਲਾ ਕਰਵਾਇਆ ਸੀ। ਗੋਲਡਨ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ ਜੀ ਪੀ ਨਿਰਪੱਖ ਜਾਂਚ ਅਤੇ ਤਫਤੀਸ਼ ਕਰਵਾਉਣ ਤਾਂ ਪੰਜਾਬ ਦੇ ਕਰੀਬ ਇੱਕ ਦਰਜਨ ਆਈ ਪੀ ਐੱਸ, ਪੀ ਪੀ ਐੱਸ ਅਤੇ ਐੱਸ ਐੱਚ ਓ ਇਸ ਠੱਗ ਨਾਲ ਮਿਲੇ ਹੋਣ ਵਿੱਚ ਸ਼ਾਮਲ ਹੋ ਸਕਦੇ ਹਨ।
ਉਹਨਾ ਕਿਹਾ ਕਿ ਇਕ ਵੱਡੇ ਪੁਲਸ ਅਫਸਰ ਸਹਾਰੇ ਸਕੌਡਾ ਜ਼ਿਲ੍ਹਾ ਫਾਜ਼ਿਲਕਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਨਜਾਇਜ਼ ਮੁਕੱਦਮੇ ਦਰਜ ਕਰਵਾਉਂਦਾ ਰਿਹਾ ਹੈ, ਦੀ ਮਿਲੀਭੁਗਤ ਸਿੱਧੇ ਤੌਰ ’ਤੇ ਸਾਬਤ ਹੋ ਸਕਦੀ ਹੈ।





