ਨਵੀਂ ਦਿੱਲੀ : 543 ਮੈਂਬਰੀ ਲੋਕ ਸਭਾ ਲਈ ਚੋਣਾਂ ਪਿਛਲੀਆਂ ਚੋਣਾਂ ਵਾਂਗ 7 ਗੇੜਾਂ ’ਚ ਹੋਣਗੀਆਂ। ਪਹਿਲੇ ਗੇੜ ਵਿਚ 19 ਅਪਰੈਲ ਨੂੰ ਵੋਟਾਂ ਪੈਣਗੀਆਂ। 26 ਅਪਰੈਲ ਨੂੰ ਦੂਜੇ ਗੇੜ, 7, 13, 20 ਤੇ 25 ਮਈ ਅਤੇ ਪਹਿਲੀ ਜੂਨ ਨੂੰ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਵੋਟਾਂ ਪੈਣਗੀਆਂ। ਪੰਜਾਬ ’ਚ ਆਖਰੀ ਗੇੜ ’ਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੋਣ ਤਰੀਕਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ਨੀਵਾਰ ਕੀਤਾ। ਉਨ੍ਹਾ ਨਾਲ ਨਵੇਂ ਨਿਯੁਕਤ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਵੀ ਮੌਜੂਦ ਸਨ। ਚੋਣਾਂ ਦੇ ਐਲਾਨ ਦੇ ਨਾਲ ਹੀ ਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਦੇਸ਼ ’ਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ’ਚ 47.1 ਕਰੋੜ ਮਹਿਲਾ ਵੋਟਰ ਹਨ। 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨਾਂ ਵਿਚ 55 ਲੱਖ ਈ ਵੀ ਐੱਮ ਦੀ ਵਰਤੋਂ ਹੋਵੇਗੀ। ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ’ਚ 89 ਸੀਟਾਂ, ਤੀਜੇ ਗੇੜ ’ਚ 94 ਸੀਟਾਂ, ਚੌਥੇ ਗੇੜ ’ਚ 96 ਸੀਟਾਂ, ਪੰਜਵੇਂ ਗੇੜ ’ਚ 49 ਸੀਟਾਂ, ਛੇਵੇਂ ਗੇੜ ’ਚ 57 ਸੀਟਾਂ ਤੇ ਸੱਤਵੇਂ ਗੇੜ ’ਚ 57 ਸੀਟਾਂ ’ਤੇ ਵੋਟਾਂ ਪੈਣਗੀਆਂ।
4 ਰਾਜਾਂਸਿੱਕਮ, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀਆਂ ਅਸੰਬਲੀ ਚੋਣਾਂ ਵੀ ਲੋਕ ਸਭਾ ਚੋਣਾਂ ਦੇ ਨਾਲ ਹੋਣਗੀਆਂ। ਅਰੁਣਾਚਲ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪਰੈਲ ਨੂੰ ਵੋਟਾਂ ਪੈਣਗੀਆਂ। ਆਂਧਰਾ ’ਚ 13 ਮਈ ਨੂੰ ਵੋਟਾਂ ਪੈਣਗੀਆਂ। ਓਡੀਸ਼ਾ ਵਿਚ ਚਾਰ ਪੜਾਵਾਂ ’ਚ 13, 20, 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। 26 ਅਸੰਬਲੀ ਹਲਕਿਆਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।
ਦੱਖਣੀ ਰਾਜਾਂ, ਜਿੱਥੇ ਭਾਜਪਾ ਦਾ ਇਸ ਵਾਰ ਸਭ ਤੋਂ ਵੱਧ ਜ਼ੋਰ ਲੱਗਾ ਹੋਇਆ ਹੈ ਤੇ ਪ੍ਰਧਾਨ ਮੰਤਰੀ ਗੇੜੇ ’ਤੇ ਗੇੜੇ ਮਾਰ ਰਹੇ ਹਨ, ਵਿਚ ਚੋਣਾਂ 19 ਅਪ੍ਰੈਲ ਤੋਂ 13 ਮਈ ਤੱਕ ਚੱਲਣਗੀਆਂ। ਕਰਨਾਟਕ ਵਿਚ 26 ਅਪ੍ਰੈਲ ਨੂੰ 14 ਸੀਟਾਂ ਤੇ 7 ਮਈ ਨੂੰ 14 ਸੀਟਾਂ ਲਈ ਵੋਟਾਂ ਪੈਣਗੀਆਂ। ਤਾਮਿਲਨਾਡੂ ਵਿਚ 19 ਅਪ੍ਰੈਲ, ਆਂਧਰਾ ਵਿਚ 13 ਮਈ, ਕੇਰਲਾ ਵਿਚ 26 ਅਪ੍ਰੈਲ ਤੇ ਤਿਲੰਗਾਨਾ ਵਿਚ 13 ਮਈ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਪੰਜ ਰਾਜਾਂ ਵਿਚ 130 ਸੀਟਾਂ ਹਨ। ਤਾਮਿਲਨਾਡੂ 39, ਕਰਨਾਟਕ 28, ਆਂਧਰਾ 25, ਕੇਰਲਾ 20 ਤੇ ਤਿਲੰਗਾਨਾ 17 ਸਾਂਸਦ ਚੁਣਦੇ ਹਨ। ਇਕ ਸੀਟ ਪੁਡੂਚੇਰੀ ਦੀ ਹੈ। 2019 ਵਿਚ ਭਾਜਪਾ ਨੂੰ ਆਂਧਰਾ, ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ਵਿਚ ਕੋਈ ਸੀਟ ਨਹੀਂ ਮਿਲੀ ਸੀ। ਇਸ ਨੇ ਕਰਨਾਟਕ ਵਿਚ 28 ਵਿੱਚੋਂ 25 ਤੇ ਤਿਲੰਗਾਨਾ ’ਚ 17 ਵਿੱਚੋਂ 4 ਸੀਟਾਂ ਜਿੱਤੀਆਂ ਸਨ। ਕਰਨਾਟਕ ਤੇ ਤਿਲੰਗਾਨਾ ਵਿਚ ਕਾਂਗਰਸ, ਤਾਮਿਲਨਾਡੂ ਵਿਚ ਡੀ ਐੱਮ ਕੇ ਦੀ ਅਗਵਾਈ ਵਾਲੇ ਸੈਕੂਲਰ ਪ੍ਰੋਗਰੈਸਿਵ ਅਲਾਇੰਸ ਤੇ ਕੇਰਲਾ ਵਿਚ ਖੱਬੇ-ਜਮਹੂਰੀ ਮੋਰਚੇ ਦਾ ਰਾਜ ਹੈ। 2019 ਵਿਚ ਆਂਧਰਾ ਵਿਚ ਪੋਲਿੰਗ ਪਹਿਲੇ ਪੜਾਅ (25) ਅਪ੍ਰੈਲ ਨੂੰ ਹੋ ਗਈ ਸੀ, ਜਦਕਿ ਕਰਨਾਟਕ ਵਿਚ ਦੂਜੇ ਤੇ ਤੀਜੇ ਪੜਾਅ (18 ਅਪ੍ਰੈਲ ਤੇ 23 ਅਪ੍ਰੈਲ) ’ਚ ਹੋਈ ਸੀ। ਕੇਰਲਾ ਵਿਚ ਪੋਲਿੰਗ ਤੀਜੇ ਪੜਾਅ ਵਿਚ ਹੋਈ ਸੀ। ਤਾਮਿਲਨਾਡੂ ਵਿਚ ਦੂਜੇ ਪੜਾਅ ਵਿਚ ਅਤੇ ਤਿਲੰਗਾਨਾ ਵਿਚ ਪਹਿਲੇ ਪੜਾਅ ਵਿਚ ਵੋਟਾਂ ਪਈਆਂ ਸਨ। ਆਂਧਰਾ ਤੇ ਤਿਲੰਗਾਨਾ ਵਿਚ ਪੋਲਿੰਗ ਪਹਿਲੇ ਪੜਾਅ ਵਿਚ ਹੋਈ ਸੀ, ਪਰ ਹੁਣ ਚੌਥੇ ਪੜਾਅ (13 ਮਈ) ’ਚ ਹੋਵੇਗੀ। ਮਹਾਰਾਸ਼ਟਰ, ਜਿੱਥੇ ਐਤਕੀਂ ਗਹਿਗਚ ਮੁਕਾਬਲਾ ਹੈ, ਵਿਚ ਪੋਲਿੰਗ ਪੰਜ ਪੜਾਵਾਂ ’ਚ ਹੋਵੇਗੀ, ਜਦਕਿ ਪਿਛਲੀ ਵਾਰ ਚਾਰ ਪੜਾਵਾਂ ’ਚ ਹੋਈ ਸੀ। ਪੱਛਮੀ ਬੰਗਾਲ ਵਿਚ ਪਿਛਲੀ ਵਾਰ ਵਾਂਗ 7 ਪੜਾਵਾਂ ਵਿਚ ਪੋਲਿੰਗ ਹੋਵੇਗੀ। ਇਨ੍ਹਾਂ ਚੋਣਾਂ ਵਿਚ ਭਾਜਪਾ ਲਈ ਦੱਖਣੀ ਰਾਜ, ਮਹਾਰਾਸ਼ਟਰ ਤੇ ਬੰਗਾਲ ਬਹੁਤ ਅਹਿਮ ਹਨ। ਚੋਣ ਸ਼ਡਿਊਲ ਮੁਤਾਬਕ ਉਸ ਨੂੰ ਪ੍ਰਚਾਰ ਲਈ ਖੁੱਲ੍ਹਾ ਸਮਾਂ ਮਿਲ ਜਾਵੇਗਾ।
ਜੰਮੂ-ਕਸ਼ਮੀਰ ਅਸੰਬਲੀ ਦੀਆਂ ਚੋਣਾਂ ਬਾਰੇ ਰਾਜੀਵ ਕੁਮਾਰ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਉਥੇ ਚੋਣਾਂ ਕਰਾਉਣ ਲਈ ਵਚਨਬੱਧ ਹਨ।




