ਜਲੰਧਰ (ਰਾਜੇਸ਼ ਥਾਪਾ)-ਮਾਸਟਰ ਹਰੀ ਸਿੰਘ ਧੂਤ ਭਵਨ ਬੱਸ ਸਟੈਂਡ ਜਲੰਧਰ ਵਿਖੇ ਸੀ ਪੀ ਆਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਰਸ਼ਪਾਲ ਕੈਲੇ ਦੀ ਪ੍ਰਧਾਨਗੀ ਹੇਠ ਹੋਈ | ਸੀ ਪੀ ਆਈ ਦੀ ਸੂਬਾਈ ਕਾਨਫਰੰਸ, ਜੋ 8-9 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਹੈ, ਉਸ ਦਾ ਉਦਘਾਟਨ ਸੀ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਡੀ ਰਾਜਾ ਕਰ ਰਹੇ ਹਨ | ਕਾਨਫਰੰਸ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਦਾ ਫੈਸਲਾ ਹੋਇਆ | ਮੀਟਿੰਗ ਨੂੰ ਉਚੇਚੇ ਤੌਰ ‘ਤੇ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੀ ਅਜੋਕੀ ਰਾਜਨੀਤਕ ਪ੍ਰਸਥਿਤੀ ਵਿੱਚ ਸੂਬਾ ਕਾਨਫ਼ਰੰਸ ਬੜੀ ਅਹਿਮ ਹੈ | ਕਾਨਫਰੰਸ ਵਿੱਚ ਪੰਜਾਬ ਦੀ ਰਾਜਨੀਤਕ ਤੇ ਜਥੇਬੰਦਕ ਰਿਪੋਰਟ ‘ਤੇ ਡੂੰਘੀ ਵਿਚਾਰ-ਚਰਚਾ ਹੋਵੇਗੀ | ਬਰਾੜ ਨੇ ਕਿਹਾ ਕਿ ਬੜੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਪਾਰਟੀ ਤੋਂ ਨਜ਼ਾਤ ਪਾਉਂਦਿਆਂ ਆਪ ਦੀ ਸਰਕਾਰ ਚੁਣੀ ਹੈ, ਪਰ ਇਹ ਵੀ ਲੋਕਾਂ ਦੀਆਂ ਇੱਛਾਵਾਂ ‘ਤੇ ਪੂਰੀ ਉਤਰਦੀ ਨਜ਼ਰ ਨਹੀਂ ਆ ਰਹੀ | ਚੋਣਾਂ ਵੇਲੇ ਵਾਅਦੇ ਤਾਂ ਬੜੇ ਵੱਡੇ ਕੀਤੇ ਗਏ, ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਉਹ ਸਿਰਫ਼ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਵਾਅਦੇ ਹੀ ਰਹਿ ਜਾਣੇ ਹਨ | ਉੱਤੋਂ ਮੋਦੀ ਸਰਕਾਰ ਨੇ ਜੀ ਐੱਸ ਟੀ ਦੇ ਰੇਟ ਵਧਾ ਕੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਕਰ ਦਿੱਤੀਆਂ ਹਨ | ਪਹਿਲਾਂ ਹੀ ਲੋਕ ਮਹਿੰਗਾਈ ਨਾਲ ਤ੍ਰਾਹ-ਤ੍ਰਾਹ ਕਰ ਰਹੇ ਸਨ ਅਤੇ ਹੁਣ ਲੋਕਾਂ ਦਾ ਹੋਰ ਕਚੂੰਬਰ ਨਿਕਲੇਗਾ | ਮੋਦੀ ਸਰਕਾਰ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾ ਰਹੀ, ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ | ਜਿਹੜਾ ਪਹਿਲਾਂ ਨਰੇਗਾ ਕਾਨੂੰਨ ਚਲਦਾ ਹੈ, ਉਸ ਨੂੰ ਵੀ ਬੰਦ ਕਰਨ ਵਾਲੇ ਪਾਸੇ ਵਧ ਰਹੀ ਹੈ | ਇਨ੍ਹਾਂ ਹਾਲਤਾਂ ਬਾਰੇ ਪੰਜਾਬ ਦੀ ਕਾਨਫ਼ਰੰਸ ਵਿੱਚ ਪੂਰੇ ਵਿਚਾਰ-ਵਟਾਂਦਰੇ ਹੋਣਗੇ ਅਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣਗੇ | ਮੀਟਿੰਗ ਨੂੰ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਜ਼ਿਲ੍ਹਾ ਸਕੱਤਰ ਰਜਿੰਦਰ ਮੰਡ ਐਡਵੋਕੇਟ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਖਾਧੀ ਅਤੇ ਇਹ ਵਚਨ ਕੀਤਾ ਕਿ ਭਗਤ ਸਿੰਘ ਦੀ ਸੋਚ ਦਾ ਸਮਾਜ ਬਣਾਇਆ ਜਾਏਗਾ, ਪਰ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਭਗਤ ਸਿੰਘ ਦੇ ਨਾਂਅ ‘ਤੇ ਕਾਨੂੰਨ ਨਹੀਂ ਬਣਾਇਆ ਗਿਆ, ਜਿਸ ਕਾਨੂੰਨ ਰਾਹੀਂ ਹਰੇਕ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜਗਾਰ ਮਿਲੇ | ਜ਼ਿਲ੍ਹਾ ਕੌਂਸਲ ਨੇ ਸਵਾਗਤੀ ਕਮੇਟੀ ਦੇ ਕਨਵੀਨਰ ਸਤਪਾਲ ਭਗਤ ਸਾਬਕਾ ਡਿਸਟਿ੍ਕਟ ਅਟਾਰਨੀ ਅਤੇ ਰਜਿੰਦਰ ਮੰਡ ਐਡਵੋਕੇਟ ਨੂੰ ਸਕੱਤਰ ਤੇ ਕੈਸ਼ੀਅਰ ਚੁਣਿਆ |
ਮੀਟਿੰਗ ਵਿੱਚ ਜਗਤਾਰ ਸਿੰਘ ਭੂੰਗਰਨੀ, ਚਰਨਜੀਤ ਸਿੰਘ ਥੰਮੂਵਾਲ, ਕੁਲਦੀਪ ਸਿੰਘ ਰਾਣਾ, ਸੰਦੀਪ ਦੌਲੀਕੇ, ਬੀਬੀ ਸੰਤੋਸ਼ ਬਰਾੜ, ਸੁਦਾਗਰ ਸਿੰਘ, ਪ੍ਰੇਮ ਮਠੱਡਾ ਤੇ ਜਗੀਰ ਸਿੰਘ ਮੁਆਈ ਹਾਜ਼ਰ ਸਨ |