ਮੁਕੇਰੀਆਂ : ਨੇੜਲੇ ਪਿੰਡ ਮਨਸੂਰਪੁਰ ’ਚ ਅਸਲੇ ਸਮੇਤ ਲੁਕੇ ਰਾਣਾ ਮਨਸੂਰਪੁਰੀਆ ਨਾਮੀ ਗੈਂਗਸਟਰ ਨੇ ਸੀ ਆਈ ਏ ਦੀ ਟੀਮ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਕਾਂਸਟੇਬਲ ਅੰਮਿ੍ਰਤਪਾਲ ਸਿੰਘ ਪਿੰਡ ਜੰਡੋਰ ਦੀ ਮੌਤ ਹੋ ਗਈ। ਗੈਂਗਸਟਰ ਫਰਾਰ ਹੋ ਗਿਆ। ਪੁਲਸ ਨੇ ਘਟਨਾ ਤੋਂ ਬਾਅਦ ਪਿੰਡ ਨੂੰ ਛਾਉਣੀ ’ਚ ਤਬਦੀਲ ਕਰਕੇ ਘਰਾਂ ਤੇ ਖੇਤਾਂ ’ਚ ਗੈਂਗਸਟਰ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਨੂੰ ਘਟਨਾ ਸਥਾਨ ਤੋਂ ਕਾਰਤੂਸਾਂ ਦੇ 10 ਖੋਲ ਮਿਲੇ। ਮੌਕੇ ’ਤੇ ਪੁੱਜੇ ਐੱਸ ਐੱਸ ਪੀ ਹੁਸ਼ਿਆਰਪੁਰ ਸੁਰਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੀ ਟੀਮ ਸੁਖਵਿੰਦਰ ਸਿੰਘ ਦੇ ਘਰ ਛਾਪਾ ਮਾਰਨ ਗਈ ਸੀ। ਜਦੋਂ ਟੀਮ ਘਰ ’ਚ ਦਾਖਲ ਹੋਣ ਲੱਗੀ ਤਾਂ ਮੁਲਜ਼ਮ ਨੇ ਗੋਲੀ ਚਲਾ ਦਿੱਤੀ, ਜੋ ਕਾਂਸਟੇਬਲ ਅੰਮਿ੍ਰਤਪਾਲ ਦੀ ਛਾਤੀ ’ਚ ਵੱਜੀ। ਟੀਮ ਦੇ ਬਾਕੀ ਮੈਂਬਰ ਵਾਲ-ਵਾਲ ਬਚੇ।





