ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਚੋਣ ਬਾਂਡ ਸੰਬੰਧੀ ਨਵੇਂ ਅੰਕੜੇ ਐਤਵਾਰ ਜਾਰੀ ਕਰ ਦਿੱਤੇ। ਇਹ ਅੰਕੜੇ ਕਮਿਸ਼ਨ ਨੇ ਸੀਲਬੰਦ ਲਿਫਾਫੇ ’ਚ ਸੁਪਰੀਮ ਕੋਰਟ ਨੂੰ ਸੌਂਪੇ ਸਨ, ਜਿਹੜੇ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਸਨ। ਅਦਾਲਤ ਨੇ ਬਾਅਦ ’ਚ ਇਹ ਡਾਟਾ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਅੰਕੜੇ ਅਪ੍ਰੈਲ 2019 ਤੋਂ ਪਹਿਲਾਂ ਦੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤਹਿਤ ਡੀ ਐੱਮ ਕੇ ਨੂੰ ਚੋਣ ਬਾਂਡ ਰਾਹੀਂ 656.5 ਕਰੋੜ ਰੁਪਏ ਪ੍ਰਾਪਤ ਹੋਏ। ਇਸ ਪਾਰਟੀ ਨੂੰ ਸੈਂਟਿਆਗੋ ਮਾਰਟਿਨ ਦੀ ਅਗਵਾਈ ਵਾਲੀ ਫਿਊਚਰ ਗੇਮਿੰਗ ਤੋਂ 509 ਕਰੋੜ ਰੁਪਏ ਮਿਲੇ। ਭਾਜਪਾ ਨੇ ਕੁਲ 6,986.5 ਕਰੋੜ ਰੁਪਏ ਦੇ ਚੋਣ ਬਾਂਡ ਤੁੜਵਾਏ। ਉਸ ਨੂੰ 2019-20 ’ਚ ਸਭ ਤੋਂ ਵੱਧ 2,555 ਕਰੋੜ ਰੁਪਏ ਪ੍ਰਾਪਤ ਹੋਏ। ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਪਹਿਲੀ ਮਾਰਚ 2018 ਤੋਂ 11 ਅਪਰੈਲ 2019 ਤੱਕ ਵੇਚੇ ਗਏ ਚੋਣ ਬਾਂਡਾਂ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਗਈ ਸੀ। ਚੰਦਾ ਲੈਣ ਦੇ ਮਾਮਲੇ ’ਚ ਭਾਜਪਾ ਪਹਿਲੇ ਅਤੇ ਟੀ ਐੱਮ ਸੀ ਦੂਸਰੇ ਨੰਬਰ ’ਤੇ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕਾਂਗਰਸ ਨੇ 1334.35 ਕਰੋੜ ਦੇ ਬਾਂਡ ਕੈਸ਼ ਕਰਵਾਏ। ਬੀਜੇ ਜਨਤਾ ਦਲ ਨੇ 944.5 ਕਰੋੜ, ਵਾਈ ਐੱਸ ਆਰ ਕਾਂਗਰਸ ਨੇ 442.8 ਕਰੋੜ, ਤੇਲਗੂ ਦੇਸਮ ਨੇ 181.35 ਕਰੋੜ ਤਿ੍ਰਣਮੂਲ ਕਾਂਗਰਸ ਨੇ 1397 ਕਰੋੜ ਕੈਸ਼ ਕਰਵਾਏ। ਤਿ੍ਰਣਮੂਲ ਬਾਂਡ ਕੈਸ਼ ਕਰਾਉਣ ਵਾਲੀ ਦੂਜੀ ਸਭ ਤੋਂ ਵੱਡੀ ਪਾਰਟੀ ਹੈ। ਕਾਂਗਰਸ ਤੀਜੇ ਨੰਬਰ ’ਤੇ ਹੈ, ਜਦਕਿ ਤਿਲੰਗਾਨਾ ਦੇ ਕੇ ਚੰਦਰਸ਼ੇਖਰ ਦੀ ਬੀ ਆਰ ਐੱਸ ਨੇ ਚੌਥੇ ਨੰਬਰ ’ਤੇ 1322 ਕਰੋੜ ਕੈਸ਼ ਕਰਵਾਏ। ਸਮਾਜਵਾਦੀ ਪਾਰਟੀ ਨੇ 14.05 ਕਰੋੜ, ਅਕਾਲੀ ਦਲ ਨੇ 7.26 ਕਰੋੜ, ਅੰਨਾ ਡੀ ਐੱਮ ਕੇ ਨੇ 6.05 ਕਰੋੜ ਤੇ ਨੈਸ਼ਨਲ ਕਾਨਫਰੰਸ ਨੇ 50 ਲੱਖ ਰੁਪਏ ਦੇ ਚੋਣ ਬਾਂਡ ਹਾਸਲ ਕੀਤੇ।





