ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਆਰ ਐੱਸ ਐੱਸ ਦੇ ਉਸ ਬਿਆਨ, ਜਿਸ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਗਰਦਾਨਿਆ ਗਿਆ, ’ਤੇ ਸੋਮਵਾਰ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਦੋਂ ਉਸ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਚੋਣ ਬਾਂਡ’ ਦੇ ਸੁਆਲ ’ਤੇ ਬੁਰੀ ਤਰ੍ਹਾਂ ਨੰਗੀ ਹੋ ਗਈ ਹੈ ਤਾਂ ਠੀਕ ਉਸ ਵਕਤ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਆਰ ਐੱਸ ਐੱਸ ਆਪਣਾ ਘਟੀਆ ਵੰਡ-ਪਾਊ ਫਿਰਕੂ ਏਜੰਡਾ ਸਾਹਮਣੇ ਲੈ ਆਇਆ ਹੈ ਅਤੇ ਦੇਸ਼-ਵਿਆਪੀ ਸ਼ਾਨਦਾਰ ਕਿਸਾਨ ਅੰਦੋਲਨ ਨੂੰ ਉਗਰਵਾਦੀ ਅਤੇ ਖਾਲਿਸਤਾਨੀ ਕਹਿ ਕੇ ਦੰਗੇ ਕਰਾਉਣ ਦੀ ਗੰਦੀ ਖੇਡ ਖੇਡਣ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਇਹ ਨਵੀਂ ਗੱਲ ਨਹੀਂ, ਜਦੋਂ ਵੀ ਭਾਜਪਾ ਸਰਕਾਰ ਵਿਚ ਲੋਕਾਂ ਦਾ ਗੁੱਸਾ ਫੈਲਦਾ ਹੈ ਤਾਂ ਆਰ ਐੱਸ ਐੱਸ ਮੋਦੀ ਸਰਕਾਰ ਨੂੰ ਹਦਾਇਤ ਕਰਕੇ ਫਿਰਕੂ ਏਜੰਡੇ ਅੱਗੇ ਲਿਆ ਕੇ ਸੀ ਏ ਏ (ਨਾਗਰਿਕ ਸੋਧ ਕਾਨੂੰਨ) ਜਾਂ ਫਿਰ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ, ਜਾਟ ਅੰਦੋਲਨ ਜਾਂ ਪੰਜਾਬ, ਹਰਿਆਣਾ ਦਾ ਅੰਦੋਲਨ ਕਹਿ ਕੇ ਭੰਡਣ ਦਾ ਕੰਮ ਕਰਦਾ ਹੈ। ਉਹਨਾ ਦੋਸ਼ ਲਾਇਆ ਕਿ ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਵਰਗੀਆਂ ਏਜੰਸੀਆਂ ਆਜ਼ਾਦੀ ਦੀ ਜੰਗ ਵਿਚ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਗਦਾਰੀ ਕਰਦੀਆਂ ਆ ਰਹੀਆਂ ਤੇ ਹੁਣ ਫੇਰ ਉਸੇ ਨੀਤੀਆਂ ’ਤੇ ਚੱਲ ਕੇ ਕਾਰਪੋਰੇਟ ਘਰਾਣਿਆਂ ਦੇ ਪਿੱਠੂਆਂ ਦੀ ਭੂਮਿਕਾ ਅਦਾ ਕਰਦੀਆਂ ਹੋਈਆਂ ਘੱਟ ਗਿਣਤੀਆਂ ਵਿਚ ਦੰਗੇ ਭੜਕਾ ਕੇ, ਮਜ਼ਦੂਰਾਂ, ਕਿਸਾਨਾਂ ਦੇ ਅੰਦੋਲਨਾਂ ਦਾ ਵਿਰੋਧ ਕਰਕੇ, ਸੰਵਿਧਾਨ ਅਤੇ ਜਮਹੂਰੀਅਤ ਦਾ ਮਜ਼ਾਕ ਉਡਾਉਂਦੀਆਂ ਹੋਈਆਂ ਫੈਡਰਲ ਢਾਂਚੇ ਨੂੰ ਬਰਬਾਦ ਕਰਨ ’ਤੇ ਤੁਲੀਆਂ ਹੋਈਆਂ ਹਨ। ਉਹਨਾ ਪੰਜਾਬੀਆਂ ਨੂੰ ਸ਼ਾਂਤ ਰਹਿ ਕੇ ਅੰਦੋਲਨ ਜਾਰੀ ਰੱਖ ਕੇ ਭੜਕਾਹਟ ਵਿਚ ਆਏ ਬਿਨਾਂ ਪੰਜਾਬ ਅਤੇ ਫੈਡਰਲ ਢਾਂਚੇ ਦੀਆਂ ਇਹਨਾਂ ਦੁਸ਼ਮਣ ਏਜੰਸੀਆਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।



