ਮੋਦੀ ਸਰਕਾਰ ਦੇ ਰਾਜ ਦੌਰਾਨ ਗਰੀਬਾਂ ਸਿਰ ਕਰਜ਼ਾ ਵਧਿਆ : ਧਾਲੀਵਾਲ/ਅਰਸ਼ੀ

0
202

ਫਰੀਦਕੋਟ  (ਐਲਿਗਜ਼ੈਂਡਰ ਡਿਸੂਜਾ)
‘ਮੋਦੀ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਕਾਰਪੋਰੇਟ ਘਰਾਣਿਆਂ ਨੇ ਦੌਲਤ ਦੇ ਪਹਾੜ ਖੜੇ ਕਰ ਲਏ ਹਨ, ਉੱਥੇ ਦੇਸ਼ ਦੀ ਬਹੁ-ਗਿਣਤੀ ਗਰੀਬ ਜਨਤਾ ਦਾ ਹਾਲ ਹੋਰ ਮੰਦਾ ਹੋਇਆ ਹੈ ਅਤੇ ਉਨ੍ਹਾਂ ਦਾ ਵਾਲ-ਵਾਲ ਕਰਜ਼ੇ ਨਾਲ ਵਿੰਨ੍ਹਿਆ ਗਿਆ ਹੈ।’ ਇਹ ਸ਼ਬਦ ਸੋਮਵਾਰ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ‘ਘਰੇਲੂ ਮਜ਼ਦੂਰ ਏਕਤਾ ਯੂਨੀਅਨ’ ਸੰਬੰਧਤ ਏਟਕ ਦੀ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਡਿਪਟੀ ਸਕੱਤਰ ਅਮਰਜੀਤ ਸਿੰਘ ਆਸਲ ਨੇ ਮਜ਼ਦੂਰ ਵਿਰੋਧੀ ਸਰਕਾਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦਾ ਸੱਦਾ ਦਿੱਤਾ। ਰੈਲੀ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾ ਵੱਲੋਂ ਭਾਰਤੀ ਰਿਜ਼ਰਵ ਬੈਂਕ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਗਰੀਬ ਔਰਤਾਂ ਨੂੰ ਕਰਜ਼ੇ ਦੇਣ ਦਾ ਧੰਦਾ ਕਰਨ ਵਾਲੀਆਂ ਬਹੁਤੀਆਂ ਪ੍ਰਾਈਵੇਟ ਕੰਪਨੀਆਂ ਰਜਿਸਟਰਡ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਵੱਲੋਂ ਵਸੂਲੇ ਜਾ ਰਹੇ ਵਿਆਜ ਦੀ ਦਰ ਨਿਸਚਿਤ ਕੀਤੀ ਗਈ ਹੈ, ਜਿਸ ਕਾਰਨ ਇਨ੍ਹਾਂ ਲੁੱਟ ਮਚਾਈ ਹੋਈ ਹੈ।
ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਸੂਬਾਈ ਆਗੂ ਦਸਵਿੰਦਰ ਕੌਰ ਨੇ ਔਰਤਾਂ ਨੂੰ ਇਕਮੁੱਠ ਹੋ ਕੇ ਫਾਇਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਅਤੇ ਲੁੱਟ ਦਾ ਮੁਕਾਬਲਾ ਕਰਨ ਲਈ 26 ਅਪ੍ਰੈਲ ਨੂੰ ਵੱਡੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰੈਲੀ ਨੂੰ ਟਰੇਡ ਯੂਨੀਅਨ ਆਗੂ ਅਸ਼ੋਕ ਕੌਸ਼ਲ, ਗੁਰਨਾਮ ਸਿੰਘ ਜ਼ਿਲਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ ਨੇ ਸੰਬੋਧਨ ਕਰਦੇ ਹੋਏ ਸਰਕਾਰਾਂ ਤੋਂ ਮੰਗ ਕੀਤੀ ਕਿ ਮਜ਼ਦੂਰ ਔਰਤਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ।
ਰੈਲੀ ਦੇ ਅੰਤ ’ਤੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਤਹਿਸੀਲਦਾਰ ਨੇ ਰੈਲੀ ਵਿੱਚ ਪਹੁੰਚ ਕੇ 1004 ਔਰਤਾਂ ਦੀਆਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਕਰਜਾ ਮੁਆਫ਼ੀ ਲਈ ਦਿੱਤੀਆਂ ਦਰਖਾਸਤਾਂ ਦੇ ਬੰਡਲ ਸਮੇਤ ਮੰਗ ਪੱਤਰ ਪ੍ਰਾਪਤ ਕੀਤਾ।
ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮਾਨ, ਚਰਨਜੀਤ ਸਿੰਘ ਚੰਬੇਲੀ, ਜਗਤਾਰ ਸਿੰਘ ਭਾਣਾ, ਭੋਲਾ ਸਿੰਘ ਭਾਣਾ, ਮੁਖਤਿਆਰ ਸਿੰਘ, ਸੁਖਦਰਸ਼ਨ ਰਾਮ, ਭਲਵਿੰਦਰ ਸਿੰਘ ਔਲਖ, ਗੋਰਾ ਸਿੰਘ ਪਿਪਲੀ, ਪੀ ਆਰ ਟੀ ਸੀ ਦੇ ਸੁਖਚਰਨ ਸਿੰਘ, ਸੁਖਦੇਵ ਸਿੰਘ ਮੱਲ੍ਹੀ, ਗੁਰਦੀਪ ਭੋਲਾ, ਹਰਮੀਤ ਸਿੰਘ ਅਤੇ ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ ਤੋਂ ਇਲਾਵਾ ਮਦਨ ਲਾਲ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here