26.6 C
Jalandhar
Thursday, April 18, 2024
spot_img

ਯੋਗੀ ਵਜ਼ਾਰਤ ‘ਚ ਬਗਾਵਤ

ਲਖਨਊ : ਕੁਝ ਮਹੀਨੇ ਪਹਿਲਾਂ ਅਸੰਬਲੀ ਚੋਣਾਂ ਵਿਚ ਹੂੰਝਾ-ਫੇਰ ਜਿੱਤ ਹਾਸਲ ਕਰਕੇ ਦੁਬਾਰਾ ਮੁੱਖ ਮੰਤਰੀ ਬਣੇ ਯੋਗੀ ਆਦਿਤਿਆ ਨਾਥ ਨੂੰ ਜ਼ਬਰਦਸਤ ਧੱਕਾ ਲੱਗਾ, ਜਦੋਂ ਦਿਨੇਸ਼ ਖਟਿਕ ਨੇ ਇਹ ਦੋਸ਼ ਲਾਉਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਭੇਜ ਦਿੱਤਾ ਕਿ ਦਲਿਤ ਹੋਣ ਕਰਕੇ ਉਸ ਨੂੰ ਗੁੱਠੇ ਲਾ ਦਿੱਤਾ ਗਿਆ ਹੈ | ਇਕ ਹੋਰ ਮੰਤਰੀ ਜਤਿਨ ਪ੍ਰਸਾਦ, ਜੋ ਕਿ ਚੋਣਾਂ ਵੇਲੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਇਆ ਸੀ, ਵੀ ਦੁਖੀ ਹੈ ਤੇ ਉਹ ਆਪਣਾ ਦੁਖੜਾ ਸੁਣਾਉਣ ਲਈ ਦਿੱਲੀ ਵਿਚ ਹੈ | ਕਿਸੇ ਭਾਜਪਾ ਸਰਕਾਰ ਵਿਰੱੁਧ ਮੰਤਰੀਆਂ ਦੀ ਅਜਿਹੀ ਨਾਰਾਜ਼ਗੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ | ਜਲ ਸਰੋਤ ਮੰਤਰੀ ਖਟਿਕ ਨੇ ਕਿਹਾ ਹੈ ਕਿ ਉਸ ਨੂੰ 100 ਦਿਨਾਂ ਤੋਂ ਕੋਈ ਕੰਮ ਨਹੀਂ ਦਿੱਤਾ ਗਿਆ | ਦੁਖੀ ਹੋ ਕੇ ਉਸ ਨੇ ਅਸਤੀਫਾ ਦਿੱਤਾ ਹੈ | ਉਸ ਨੇ ਅਸਤੀਫੇ ਵਿਚ ਕਿਹਾ-ਦਲਿਤ ਹੋਣ ਕਰਕੇ ਮੈਨੂੰ ਅਹਿਮੀਅਤ ਨਹੀਂ ਦਿੱਤੀ ਗਈ | ਮੰਤਰੀ ਵਜੋਂ ਮੇਰੇ ਕੋਲ ਕੋਈ ਅਥਾਰਟੀ ਨਹੀਂ | ਮੇਰਾ ਮੰਤਰੀ ਹੋਣਾ ਦਲਿਤ ਭਾਈਚਾਰੇ ਲਈ ਫਜ਼ੂਲ ਹੈ | ਮੈਨੂੰ ਕਿਸੇ ਮੀਟਿੰਗ ਵਿਚ ਨਹੀਂ ਸੱਦਿਆ ਗਿਆ ਤੇ ਨਾ ਮੇਰੇ ਮੰਤਰਾਲੇ ਬਾਰੇ ਦੱਸਿਆ ਗਿਆ | ਇਹ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਹੈ |
ਜਤਿਨ ਪ੍ਰਸਾਦ ਉਸ ਦੀ ਟੀਮ ਦੇ ਇਕ ਅਫਸਰ ਨੂੰ ਮੁੱਖ ਮੰਤਰੀ ਵੱਲੋਂ ਮੁਅੱਤਲ ਕਰਨ ਤੋਂ ਔਖਾ ਹੈ | ਪ੍ਰਸਾਦ ਨੂੰ ਲੋਕ ਨਿਰਮਾਣ ਵਿਭਾਗ ਵਰਗਾ ਅਹਿਮ ਵਿਭਾਗ ਦਿੱਤਾ ਗਿਆ ਸੀ ਪਰ ਵਿਭਾਗ ਕੁਰੱਪਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ | ਮੁੱਖ ਮੰਤਰੀ ਦੇ ਹੁਕਮ ‘ਤੇ ਹੋਈ ਜਾਂਚ ਵਿਚ ਕਈ ਅਧਿਕਾਰੀ ਪੈਸੇ ਲੈ ਕੇ ਬਦਲੀਆਂ ਤੇ ਨਿਯੁਕਤੀਆਂ ਕਰਨ ਵਿਚ ਸ਼ਾਮਲ ਪਾਏ ਗਏ ਹਨ | ਮੰਗਲਵਾਰ ਪੰਜ ਸੀਨੀਅਰ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਪ੍ਰਸਾਦ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਆਈ ਏ ਐੱਸ ਅਫਸਰ ਅਨਿਲ ਕੁਮਾਰ ਪਾਂਡੇ ਵੀ ਬਦਲ ਦਿੱਤਾ ਗਿਆ ਹੈ | ਪਾਂਡੇ ਵਿਰੁੱਧ ਵਿਜੀਲੈਂਸ ਜਾਂਚ ਵੀ ਬਿਠਾਈ ਗਈ ਹੈ | ਪ੍ਰਸਾਦ ‘ਤੇ ਵੀ ਕੁਰੱਪਸ਼ਨ ਸੰਬੰਧੀ ਸੁਆਲ ਉਠ ਰਹੇ ਹਨ | ਸੂਤਰਾਂ ਨੇ ਦੱਸਿਆ ਹੈ ਕਿ ਯੋਗੀ ਨੇ ਉਸ ਨੂੰ ਸੱਦ ਕੇ ਉਸ ਦੇ ਅਫਸਰ ਵਿਰੁੱਧ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਖਿਚਾਈ ਕੀਤੀ ਹੈ | ਇਸ ਤੋਂ ਬਾਅਦ ਪ੍ਰਸਾਦ ਨੇ ਆਪਣੀ ਗੱਲ ਕਹਿਣ ਲਈ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਅਮਿਤ ਸ਼ਾਹ ਤੋਂ ਵਕਤ ਮੰਗਿਆ | ਇਸੇ ਦੌਰਾਨ ਯੋਗੀ ਨੇ ਮੰਤਰੀਆਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਸਟਾਫ ‘ਤੇ ਅੱਖਾਂ ਮੀਟ ਕੇ ਭਰੋਸਾ ਨਾ ਕਰਨ | ਕੋਈ ਵੀ ਬੇਨੇਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles