ਸ਼ਿਮਲਾ : ਭਾਜਪਾ ਦੀ ਹਮਾਇਤ ਕਰਨ ਵਾਲੇ ਹਿਮਾਚਲ ਦੇ ਤਿੰਨ ਆਜ਼ਾਦ ਵਿਧਾਇਕਾਂ ਨੇ ਸ਼ੁੱਕਰਵਾਰ ਅਸੰਬਲੀ ਤੋਂ ਅਸਤੀਫੇ ਦੇ ਦਿੱਤੇ | ਹੁਸ਼ਿਆਰ ਸਿੰਘ (ਦੇਹਰਾ), ਕੇ ਐੱਲ ਠਾਕੁਰ (ਨਾਲਾਗੜ੍ਹ) ਤੇ ਆਸ਼ੀਸ਼ ਸ਼ਰਮਾ (ਹਮੀਰਪੁਰ) ਨੇ ਅਸਤੀਫੇ ਅਸੰਬਲੀ ਦੇ ਸਕੱਤਰ ਨੂੰ ਸੌਂਪੇ | ਰਾਜ ਸਭਾ ਚੋਣ ਵਿਚ ਭਾਜਪਾ ਉਮੀਦਵਾਰ ਨੂੰ ਜਿਤਾਉਣ ਵਿਚ ਇਨ੍ਹਾਂ ਤਿੰਨਾਂ ਵਿਧਾਇਕਾਂ ਤੇ ਕਾਂਗਰਸ ਦੇ ਛੇ ਵਿਧਾਇਕਾਂ ਨੇ ਅਹਿਮ ਰੋਲ ਅਦਾ ਕੀਤਾ ਸੀ | ਸਪੀਕਰ ਨੇ ਬਜਟ ਪਾਸ ਕਰਨ ਵੇਲੇ ਵਿ੍ਹੱਪ ਦੀ ਉਲੰਘਣਾ ਕਰਨ ‘ਤੇ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਸੀ | ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਦੀਆਂ ਸੀਟਾਂ ‘ਤੇ ਜ਼ਿਮਨੀ ਚੋਣ ਕਰਾਉਣ ਦਾ ਐਲਾਨ ਕਰ ਦਿੱਤਾ ਸੀ | ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਦੇਣ ਨਾਲ ਤਿੰਨ ਹੋਰ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ | ਹਿਮਾਚਲ ਦੀਆਂ ਚਾਰ ਲੋਕ ਸਭਾ ਸੀਟਾਂ ਤੇ 6 ਜ਼ਿਮਨੀ ਚੋਣਾਂ ਲਈ ਪੋਲਿੰਗ 1 ਜੂਨ ਨੂੰ ਹੋਣੀ ਹੈ ਤੇ ਨਾਮਜ਼ਦਗੀਆਂ ਲਈ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਹੋਣਾ ਹੈ | ਇਸ ਤਰ੍ਹਾਂ ਆਜ਼ਾਦਾਂ ਵਾਲੀਆਂ ਸੀਟਾਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ |
ਅਸੰਬਲੀ ਚੋਣਾਂ ਵਿਚ ਕਾਂਗਰਸ ਨੇ 68 ਵਿੱਚੋਂ 40 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ | ਰਾਜ ਸਭਾ ਚੋਣ ਵੇਲੇ ਉਸ ਦੇ ਛੇ ਵਿਧਾਇਕ ਭਾਜਪਾ ਉਮੀਦਵਾਰ ਦੇ ਹੱਕ ਵਿਚ ਭੁਗਤ ਗਏ ਸਨ | ਇਸ ਤਰ੍ਹਾਂ ਉਸ ਕੋਲ 34 ਵਿਧਾਇਕ ਰਹਿ ਗਏ ਹਨ | ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ, ਜਦਕਿ ਤਿੰਨ ਆਜ਼ਾਦ ਜਿੱਤੇ ਸਨ | ਜੇ ਭਾਜਪਾ ਇਨ੍ਹਾਂ 9 ਵਿਧਾਇਕਾਂ ਨੂੰ ਆਪਣੇ ਵਿਚ ਸ਼ਾਮਲ ਕਰਕੇ ਅਤੇ ਕਾਂਗਰਸ ਦੇ ਕਿਸੇ ਹੋਰ ਵਿਧਾਇਕ ਨੂੰ ਗੰਢ ਕੇ ਅਸਤੀਫਾ ਦਿਵਾ ਕੇ ਜਿਤਾਉਣ ਵਿਚ ਕਾਮਯਾਬ ਰਹਿੰਦੀ ਹੈ ਤਾਂ ਉਸ ਦੇ ਵਿਧਾਇਕਾਂ ਦੀ ਗਿਣਤੀ 34 ਤੋਂ ਟੱਪ ਸਕਦੀ ਹੈ ਤੇ ਕਾਂਗਰਸ ਸਰਕਾਰ ਡਿੱਗ ਸਕਦੀ ਹੈ | ਇਸ ਤਰ੍ਹਾਂ ਹਿਮਾਚਲ ਦੀ ਸਿਆਸਤ ਵਿਚ ਚੋਣਾਂ ਤੱਕ ਦਿਲਚਸਪ ਮੋੜ ਆਉਂਦੇ ਨਜ਼ਰ ਆਉਣਗੇ |