ਨਵੀਂ ਦਿੱਲੀ : ਨੈਸ਼ਨਲ ਹੇਰਾਲਡ ਦੇ ਐਡੀਟਰ-ਇਨ-ਚੀਫ ਜ਼ਫਰ ਆਗਾ (70) ਦਾ ਸੰਖੇਪ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਦੱਖਣੀ ਦਿੱਲੀ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ | ਉਹ 1954 ਵਿਚ ਅਲਾਹਾਬਾਦ ‘ਚ ਪੈਦਾ ਹੋਏ ਸਨ ਤੇ ਅਲਾਹਾਬਾਦ ਯਾਦਗਾਰ ਹੁਸੈਨੀ ਇੰਟਰ-ਕਾਲਜ ਵਿਚ ਪੜ੍ਹੇ | ਇੰਗਲਿਸ਼ ਲਿਟਰੇਚਰ ਵਿਚ ਐੱਮ ਏ ਅਲਾਹਾਬਾਦ ਯੂਨੀਵਰਸਿਟੀ ਤੋਂ ਕੀਤੀ | ਉੱਥੇ ਉਹ ਅਗਾਂਹਵਧੂ ਵਿਦਿਆਰਥੀ ਲਹਿਰ ਵੱਲ ਖਿੱਚੇ ਗਏ ਅਤੇ ਸਾਰੀ ਉਮਰ ਖੱਬੀ-ਜਮਹੂਰੀ ਸਿਆਸਤ ਨਾਲ ਖੜ੍ਹੇ | ਉਨ੍ਹਾ ਪੱਤਰਕਾਰੀ ਦਾ ਸਫਰ 1979 ਵਿਚ ਲਿੰਕ ਮੈਗਜ਼ੀਨ ਤੋਂ ਸ਼ੁਰੂ ਕੀਤਾ ਸੀ | ਉਹ ਆਪਣੇ ਪਿੱਛੇ ਪੁੱਤਰ ਮੂਨੀਸ਼ ਛੱਡ ਗਏ ਹਨ | ਆਗਾ ਨੇ 45 ਸਾਲਾਂ ਦੇ ਪੱਤਰਕਾਰੀ ਸਫਰ ਦੌਰਾਨ ਇੰਗਲਿਸ਼ ਅਖਬਾਰ ਦੀ ਪੈਟਰੀਆਟ, ਬਿਜ਼ਨੈਸ ਐਂਡ ਪੋਲੀਟੀਕਲ ਅਬਜ਼ਰਵਰ, ਇੰਡੀਆ ਟੂਡੇ, ਈ ਟੀ ਵੀ ਤੇ ਇਨਕਲਾਬ ਡੇਲੀ ਵਿਚ ਵੀ ਕੰਮ ਕੀਤਾ | ਆਖਰੀ ਦੌਰ ਵਿਚ ਉਹ ਪਹਿਲਾਂ ਉਰਦੂ ਅਖਬਾਰ ਕੌਮੀ ਆਵਾਜ਼ ਦੇ ਐਡੀਟਰ ਬਣੇ ਤੇ ਫਿਰ ਨੈਸ਼ਨਲ ਹੇਰਾਲਡ ਦੇ ਐਡੀਟਰ-ਇਨ-ਚੀਫ | ਉਹ ਨੈਸ਼ਨਲ ਕਮਿਸ਼ਨ ਫਾਰ ਮਿਨੋਰਿਟੀ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਚੇਅਰਪਰਸਨ ਵੀ ਰਹੇ |