ਨਵੀਂ ਦਿੱਲੀ : ਡਾਇਰੈਕਟੋਰੇਟ ਆਫ ਐਨਫੋੋਰਸਮੈਂਟ (ਈ ਡੀ) ਨੇ 2014 ਵਿਚ ਮੋਦੀ ਸਰਕਾਰ ਦੇ ਆਉਣ ਤੋਂ ਲੈ ਕੇ ਹੁਣ ਤੱਕ 95 ਫੀਸਦੀ ਕੇਸ ਆਪੋਜ਼ੀਸ਼ਨ ਆਗੂਆਂ ਖਿਲਾਫ ਹੀ ਦਰਜ ਕੀਤੇ ਹਨ | ਸਰਕਰਦਾ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵਿਸ਼ਲੇਸ਼ਣ ਮੁਤਾਬਕ ਮੋਦੀ ਸਰਕਾਰ ਦੌਰਾਨ ਈ ਡੀ ਨੇ ਮਨਮੋਹਨ ਸਿੰਘ ਦੀ ਯੂ ਪੀ ਏ ਸਰਕਾਰ ਨਾਲੋਂ ਸਿਆਸਤਦਾਨਾਂ ਖਿਲਾਫ ਚਾਰ ਗੁਣਾ ਵੱਧ ਕੇਸ ਕੀਤੇ ਹਨ | 2014 ਤੋਂ 2022 ਤੱਕ ਈ ਡੀ ਨੇ 121 ਸਿਆਸਤਦਾਨਾਂ ‘ਤੇ ਛਾਪੇ ਮਾਰੇ, ਜਿਨ੍ਹਾਂ ਵਿੱਚੋਂ 115 ਆਪੋਜ਼ੀਸ਼ਨ ਦੇ ਆਗੂ ਹਨ | ਯੂ ਪੀ ਏ ਸਰਕਾਰ ਵੇਲੇ 26 ਸਿਆਸਤਦਾਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 14 ਆਪੋੋਜ਼ੀਸ਼ਨ ਦੇ ਸਨ |
2022 ਦੇ ਬਾਅਦ ਕਈ ਆਗੂ ਈ ਡੀ ਦੇ ਨਿਸ਼ਾਨੇ ‘ਤੇ ਆਏ | ਇਨ੍ਹਾਂ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਤਿਲੰਗਾਨਾ ਦੇ ਵੇਲੇ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ, ਉਨ੍ਹਾ ਦੀ ਬੇਟੀ ਕੇ ਕਵਿਤਾ, ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ | ਇਨ੍ਹਾਂ ਤੋਂ ਇਲਾਵਾ ਈ ਡੀ ਨੇ ਕਰਨਾਟਕ ਦੇ ਸੀਨੀਅਰ ਕਾਂਗਰਸ ਆਗੂ ਡੀ ਕੇ ਸ਼ਿਵ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਭਤੀਜੇ ਅਭਿਸ਼ੇਕ ਬੈਨਰਜੀ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਮਰਹੂਮ ਅਹਿਮਦ ਪਟੇਲ ਸ਼ਾਮਲ ਹਨ | ਈ ਡੀ ਅਧਿਕਾਰੀਆਂ ਨੇ 2014 ਤੋਂ 2022 ਤੱਕ 24 ਕਾਂਗਰਸੀਆਂ ਖਿਲਾਫ ਜਾਂਚ ਖੋਲ੍ਹੀ | ਉਸ ਤੋਂ ਬਾਅਦ ਤਿ੍ਣਮੂਲ ਕਾਂਗਰਸ (19), ਸ਼ਿਵ ਸੈਨਾ (8), ਬੀ ਜੇ ਡੀ (6), ਰਾਜਦ, ਬਸਪਾ, ਸਪਾ ਤੇ ਤੇਲਗੂ ਦੇਸਮ (5-5), ਆਪ, ਇਨੈਲੋ ਤੇ ਵਾਈ ਐੱਸ ਆਰ ਕਾਂਗਰਸ (3-3), ਸੀ ਪੀ ਆਈ ਐੱਮ, ਨੈਸ਼ਨਲ ਕਾਨਫਰੰਸ ਤੇ ਪੀ ਡੀ ਪੀ (2-2) ਅਤੇ ਅੰਨਾ ਡੀ ਐੱਮ ਕੇ, ਐੱਮ ਐੱਨ ਐੱਸ, ਬੀ ਆਰ ਐੱਸ ਤੇ ਐੱਸ ਬੀ ਐੱਸ ਪੀ (1-1) ਆਉਂਦੀਆਂ ਹਨ | ਜਦੋਂ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਤਾਂ ਈ ਡੀ ਉਨ੍ਹਾਂ ਖਿਲਾਫ ਨਰਮ ਪੈ ਗਈ | ਮਿਸਾਲ ਵਜੋਂ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਜਦੋਂ ਕਾਂਗਰਸ ਵਿਚ ਸਨ ਤਾਂ ਈ ਡੀ ਤੇ ਸੀ ਬੀ ਆਈ ਨੇ ਸ਼ਾਰਦਾ ਚਿੱਟ ਫੰਡ ਕੇਸ ਵਿਚ ਉਨ੍ਹਾ ਖਿਲਾਫ ਜਾਂਚ ਖੋਲ੍ਹੀ, ਪਰ ਉਨ੍ਹਾ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪਤਾ ਨਹੀਂ ਕੇਸ ਕਿੱਥੇ ਹੈ | ਤਿ੍ਣਮੂਲ ਕਾਂਗਰਸ ਦੇ ਸੁਵੇਂਦੂ ਅਧਿਕਾਰੀ ਤੇ ਮੁਕੁਲ ਰਾਇ ਖਿਲਾਫ ਨਾਰਦਾ ਸਟਿੰਗ ਅਪ੍ਰੇਸ਼ਨ ਤੋਂ ਬਾਅਦ ਜਾਂਚ ਖੋਲ੍ਹੀ ਗਈ | ਦੋਨੋਂ ਭਾਜਪਾ ਵਿਚ ਸ਼ਾਮਲ ਹੋ ਗਏ | ਰਾਇ ਤਿ੍ਣਮੂਲ ਵਿਚ ਪਰਤ ਆਏ ਹਨ | ਪਰ ਅਧਿਕਾਰੀ ਵਿਰੁੱਧ ਜਾਂਚ ਦਾ ਪਤਾ ਨਹੀਂ ਕਿੱਥੇ ਪੁੱਜੀ | ਈ ਡੀ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੀ ਚਿਦੰਬਰਮ ਤੇ ਉਨ੍ਹਾ ਦੇ ਬੇਟੇ ਕਾਰਤੀ ਖਿਲਾਫ ਵੀ ਪੜਤਾਲਾਂ ਖੋਲ੍ਹੀਆਂ ਹੋਈਆਂ ਹਨ | ਈ ਡੀ ਭਾਜਪਾ ਦੀ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਜਿਨ੍ਹਾ ਦੀ ਹਾਈਕਮਾਨ ਨਾਲ ਬਣਦੀ ਨਹੀਂ, ਦੇ ਪੁੱਤਰ ਦੁਸ਼ਯੰਤ ਸਿੰਘ ਸਣੇ ਸਿਰਫ 5 ਭਾਜਪਾ ਆਗੂਆਂ ਵਿਰੁੱਧ ਜਾਂਚ ਕਰ ਰਹੀ ਹੈ |




