ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੁਆਰਾ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਫਤਾਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ‘ਤੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਦੀ ਸਖਤ ਆਲੋਚਨਾ ਕੀਤੀ | ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਨੂੰ ਈ ਡੀ (ਭਾਜਪਾ ਦੀ ਸਿਆਸੀ ਟੀਮ) ਨੇ ਉਕਤ ਮਾਮਲੇ ਵਿੱਚ ਕੋਈ ਚਾਰਜਸ਼ੀਟ ਜਾਂ ਕੋਈ ਸਬੂਤ ਪੇਸ਼ ਕੀਤੇ ਬਿਨਾਂ ਗਿ੍ਫਤਾਰ ਕਰ ਲਿਆ ਹੈ | ਮਾਨ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ | ਅਰਵਿੰਦ ਕੇਜਰੀਵਾਲ ਦੇ ਪਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਏਜੰਸੀਆਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ | ਜੇਕਰ ਕੋਈ ਵਿਰੋਧੀ ਧਿਰ ਦਾ ਨੇਤਾ ਭਾਜਪਾ ਦੇ ਅੱਤਿਆਚਾਰਾਂ ਵਿਰੁੱਧ ਬੋਲਦਾ ਹੈ ਤਾਂ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਵਿਭਾਗ ਉਸ ਦੇ ਘਰ ਆ ਜਾਂਦਾ ਹੈ |
ਦੇਸ਼ ਦੀ ਮੌਜੂਦਾ ਸਥਿਤੀ ਅਣਐਲਾਨੀ ਐਮਰਜੈਂਸੀ ਵਰਗੀ ਹੈ | ਉਹ ਚਾਹੁੰਦੇ ਹਨ ਕਿ ਕੋਈ ਵੀ ਵਿਰੋਧੀ ਨੇਤਾ ਇਨ੍ਹਾਂ ਚੋਣਾਂ ਵਿਚ ਪ੍ਰਚਾਰ ਨਾ ਕਰ ਸਕੇ ਅਤੇ ਇਕ ਵਾਰ ਫਿਰ ਸੱਤਾ ਖੋਹਣਾ ਚਾਹੁੰਦੇ ਹਨ | ਉਹ ਤਾਨਾਸ਼ਾਹੀ ਦੇ ਰਾਹ ‘ਤੇ ਚੱਲ ਰਹੇ ਹਨ | ਕੇਜਰੀਵਾਲ ਇੱਕ ਦੇਸ਼ ਭਗਤ ਵਿਅਕਤੀ ਹਨ, ਜੇਕਰ ਉਹ ਸਿਰਫ ਪੈਸਾ ਕਮਾਉਣਾ ਚਾਹੁੰਦੇ, ਤਾਂ ਉਹ ਇੱਕ ਆਈ ਆਰ ਐੱਸ ਅਫਸਰ ਸਨ ਅਤੇ ਉਨ੍ਹਾ ਦੀ ਪਤਨੀ ਵੀ ਆਈ ਆਰ ਐੱਸ ਕਮਿਸ਼ਨਰ ਹੈ |
ਮਾਨ ਨੇ ਕਿਹਾ ਕਿ ਪਹਿਲਾਂ ਮੈਂ ਅਰਵਿੰਦ ਕੇਜਰੀਵਾਲ ਨਾਲ ‘ਇੰਡੀਆ’ ਗਠਜੋੜ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਜਾਂਦਾ ਸੀ, ਚਾਹੇ ਉਹ ਬੈਂਗਲੁਰੂ, ਪਟਨਾ ਜਾਂ ਹੋਰ ਕਿਤੇ ਵੀ ਹੋਵੇ | ਹੁਣ ਮੈਂ ਵੀ ਇੰਡੀਆ ਅਲਾਇੰਸ ਦੀਆਂ ਮੀਟਿੰਗਾਂ ਵਿੱਚ ਜਾਵਾਂਗਾ | ਇਹ ਸਿਰਫ ਅਰਵਿੰਦ ਕੇਜਰੀਵਾਲ ਦਾ ਮਾਮਲਾ ਨਹੀਂ, ਇਹ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਮਾਮਲਾ ਹੈ |
ਕੇਜਰੀਵਾਲ ਦਾ ਪਰਵਾਰ ਮਜ਼ਬੂਤ ਅਤੇ ਦਲੇਰ ਹੈ | ਇਹ ਪਹਿਲੀ ਵਾਰ ਨਹੀਂ, ਜਦੋਂ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਅਜਿਹਾ ਅਨੁਭਵ ਹੋ ਰਿਹਾ ਹੈ | ਜਦੋਂ ਉਹ ਜੇਲ੍ਹ ਗਏ ਸਨ ਤਾਂ ਉਹ ਅੰਦੋਲਨ ਦੌਰਾਨ ਉਨ੍ਹਾ ਦੇ ਨਾਲ ਸੀ |





