ਮਾਸਕੋ : ਰੂਸ ਦੀ ਰਾਜਧਾਨੀ ਮਾਸਕੋ ਦੇ ਇੱਕ ਸਮਾਰੋਹ ’ਚ ਹੋਏ ਹਮਲੇ ਵਿੱਚ ਮਿ੍ਰਤਕਾਂ ਦੀ ਗਿਣਤੀ ਵਧ ਕੇ 115 ਹੋ ਗਈ ਹੈ। ਜ਼ਖ਼ਮੀਆਂ ਦੀ ਗਿਣਤੀ 187 ਦੇ ਕਰੀਬ ਦੱਸੀ ਗਈ ਹੈ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਸਮਾਰੋਹ ਸਥਾਨ ਨੂੰ ਅੱਗ ਲਾ ਦਿੱਤੀ ਸੀ। ਇਸਲਾਮਿਕ ਸਟੇਟ ਅੱਤਵਾਦੀ ਸਮੂਹ ਆਈ ਐੱਸ ਆਈ ਐੱਸ-ਕੇ (ਆਈ ਐੱਸ ਆਈ ਐੱਲ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਰੂਸੀ ਜਾਂਚ ਏਜੰਸੀਆਂ ਨੇ ਇਸ ਮਾਮਲੇ ’ਚ ਤੇਜ਼ੀ ਦਿਖਾਉਂਦੇ ਹੋਏ 11 ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਰੂਸ ਦੀ ਸੰਘੀ ਸੁਰੱਖਿਆ ਸੇਵਾ ਦੇ ਪ੍ਰਮੁੱਖ ਨੇ ਖੁਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ਨੀਵਾਰ ਇਸ ਦੀ ਜਾਣਕਾਰੀ ਦਿੱਤੀ। ਮਾਸਕੋ ਦੇ ਮੇਅਰ ਸਰਗੋਈ ਨੇ ਹਮਲੇ ਨੂੰ ਬਹੁਤ ਵੱਡੀ ਤਰਾਸਦੀ ਦੱਸਿਆ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ’ਚ ਸਥਿਤ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ’ਚ 6,200 ਲੋਕ ਬੈਠ ਸਕਦੇ ਹਨ।
ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਮਸ਼ਹੂਰ ਰੂਸੀ ਰਾਕ ਬੈਂਡ ‘ਪਿਕਨਿਕ’ ਦੇ ਸੰਗੀਤ ਸਮਾਰੋਹ ’ਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ’ਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ।ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਫਰਹਾਨ ਹੱਕ ਨੇ ਇਸ ਹਮਲੇ ਨੂੰ ਲੈ ਕੇ ਕਿਹਾ, ‘ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਮਾਸਕੋ ’ਤੇ ਹੋਏ ਆਈ ਐੱਸ ਆਈ ਅੱੈਸ ਦੇ ਇਸ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ।