ਹੈਦਰਾਬਾਦ : ਦੋ ਤੇਲਗੂ ਰਾਜਾਂ ਵਿਚ ਪਿਛਲੇ ਚਾਰ ਸਾਲਾਂ ‘ਚ ਕਥਿਤ ਤੌਰ ‘ਤੇ 13 ਔਰਤਾਂ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਸਾਈਬਰਾਬਾਦ ਪੁਲਸ ਨੇ ਗਿ੍ਫਤਾਰ ਕੀਤਾ ਹੈ | ਅਡਾਪਾ ਸ਼ਿਵਸ਼ੰਕਰ ਬਾਬੂ ਕਥਿਤ ਤੌਰ ‘ਤੇ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਦਾ ਝਾਂਸਾ ਦੇ ਕੇ ਪੈਸੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦਾ ਸੀ | ਆਂਧਰਾ ਦੇ ਗੁੰਟੂਰ ਜ਼ਿਲ੍ਹੇ ਦਾ ਰਹਿਣ ਵਾਲਾ 35 ਸਾਲਾ ਬਾਬੂ ਅਮੀਰ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਜੋ ਤਲਾਕਸ਼ੁਦਾ ਸਨ ਅਤੇ ਵਿਆਹ ਦੀਆਂ ਸਾਈਟਾਂ ‘ਤੇ ਪਤੀ ਲੱਭਦੀਆਂ ਸਨ | ਬਾਬੂ ਨੇ ਆਪਣੇ ਜਾਲ੍ਹੀ ਤਲਾਕ ਦੇ ਕਾਗਜ਼ ਤਿਆਰ ਕਰਕੇ ਔਰਤਾਂ ਨੂੰ ਨਵੀਂ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ | ਸਾਈਬਰਾਬਾਦ ਪੁਲਸ ਕਮਿਸ਼ਨਰੇਟ ਦੇ ਅਧੀਨ ਗਾਚੀਬੋਵਲੀ ਪੁਲਸ ਨੇ ਉਸ ਨੂੰ ਕਾਬੂ ਕੀਤਾ | ਉਸ ਦੇ ਖਿਲਾਫ ਹੈਦਰਾਬਾਦ, ਰਚਾਕੋਂਡਾ, ਸੰਗਰੇਡੀ, ਗੁੰਟੂਰ, ਵਿਜੇਵਾੜਾ ਅਤੇ ਅਨੰਤਪੁਰ ਵਿਚ ਕੇਸ ਦਰਜ ਹਨ | ਇਹ ਗਿ੍ਫਤਾਰੀ ਪੀੜਤਾਂ ਵਿਚੋਂ ਇਕ ਵੱਲੋਂ ਰਾਮਚੰਦਰਪੁਰਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਦੇ ਇਕ ਹਫਤੇ ਬਾਅਦ ਹੋਈ |
ਸ਼ਿਕਾਇਤ ਕਰਨ ਵਾਲੀ ਨੇ ਕਿਹਾ ਸੀ ਕਿ ਬਾਬੂ ਨੇ ਉਸ ਤੋਂ 25 ਲੱਖ ਰੁਪਏ ਅਤੇ 7 ਲੱਖ ਰੁਪਏ ਦਾ ਸੋਨਾ ਲੈ ਲਿਆ ਸੀ ਅਤੇ ਉਹ ਵਾਪਸ ਨਹੀਂ ਕਰ ਰਿਹਾ |