ਪਟਨਾ : ਬਿਹਾਰ ਦੇ ਮਹਾਗੱਠਬੰਧਨ ਵਿਚ ਲੋਕ ਸਭਾ ਸੀਟਾਂ ਦੀ ਵੰਡ ਹੋ ਗਈ ਹੈ | ਇਸ ਦਾ ਐਲਾਨ ਸ਼ੁੱਕਰਵਾਰ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕੀਤਾ ਗਿਆ | 40 ਸੀਟਾਂ ਵਿੱਚੋਂ ਲਾਲੂ ਪ੍ਰਸਾਦ ਯਾਦਵ ਦਾ ਰਾਸ਼ਟਰੀ ਜਨਤਾ ਦਲ 26 ਸੀਟਾਂ ਉੱਤੇ ਚੋਣ ਲੜੇਗਾ | ਕਾਂਗਰਸ 9, ਸੀ ਪੀ ਆਈ (ਐੱਮ ਐੱਲ) 3 ਅਤੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਇਕ-ਇਕ ਸੀਟਾਂ ‘ਤੇ ਚੋਣ ਲੜਨਗੀਆਂ | ਪੂਰਨੀਆ ਦੀ ਸੀਟ ਨੂੰ ਲੈ ਕੇ ਪੰਗਾ ਪਿਆ ਹੋਇਆ ਸੀ | ਇਹ ਸੀਟ ਰਾਜਦ ਦੇ ਖਾਤੇ ਵਿਚ ਗਈ ਹੈ | ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਏ ਪੱਪੂ ਯਾਦਵ ਇਸ ਸੀਟ ‘ਤੇ ਦਾਅਵਾ ਜਤਾ ਰਹੇ ਸਨ, ਜਦਕਿ ਰਾਜਦ ਨੇ ਜਨਤਾ ਦਲ (ਯੂ) ਤੋਂ ਆਈ ਬੀਮਾ ਭਾਰਤੀ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਸੀ | ਪਿਛਲੀਆਂ ਚੋਣਾਂ ਵਿਚ ਰਾਜਦ ਨੇ 19 ਤੇ ਕਾਂਗਰਸ ਨੇ 9 ਸੀਟਾਂ ਲੜੀਆਂ ਸਨ | ਖੱਬੀਆਂ ਪਾਰਟੀਆਂ ਨੇ ਵੱਖਰੇ ਤੌਰ ‘ਤੇ 6 ਸੀਟਾਂ ਲੜੀਆਂ ਸਨ | ਦਿੱਲੀ ਵਿਚ ਰਾਜਦ ਤੇ ਕਾਂਗਰਸ ਦੇ ਆਗੂਆਂ ਵਿਚਾਲੇ ਤਿੰਨ ਦਿਨ ਚੱਲੀਆਂ ਮੀਟਿੰਗਾਂ ਵਿਚ ਸੀਟਾਂ ਦੀ ਵੰੰਡ ਦਾ ਫਾਰਮੂਲਾ ਤੈਅ ਹੋਇਆ | ਪਟਨਾ ਵਿਚ ਪ੍ਰੈੱਸ ਕਾਨਫਰੰਸ ਕਰਨ ਵਾਲੇ ਆਗੂਆਂ ਵਿਚ ਰਾਜਦ ਦੇ ਸੂਬਾ ਪ੍ਰਧਾਨ ਜਗਦਾਨੰਦ ਸਿੰਘ, ਕਾਂਗਰਸ ਦੇ ਸੂਬਾ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ, ਰਾਜਦ ਆਗੂ ਅਬਦੁਲ ਬਾਰੀ ਸਿੱਦੀਕੀ, ਖੱਬੀਆਂ ਪਾਰਟੀਆਂ ਦੇ ਧੀਰੇਂਦਰ ਝਾਅ ਤੇ ਰਾਮ ਨਰੇਸ਼ ਪਾਂਡੇ ਮੌਜੂਦ ਸਨ |
ਸੀ ਪੀ ਆਈ ਬੇਗੂਸਰਾਏ, ਮਾਰਕਸੀ ਪਾਰਟੀ ਖਗੜੀਆ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਆਰਾ, ਕਾਰਾਕਾਟ ਤੇ ਨਾਲੰਦਾ ਸੀਟਾਂ ਲੜਨਗੀਆਂ | ਕਾਂਗਰਸ ਦੇ ਹਿੱਸੇ ਕਿਸ਼ਨਗੰਜ, ਕਟਿਹਾਰ, ਸਮਸਤੀਪੁਰ, ਪਟਨਾ ਸਾਹਿਬ, ਸਾਸਾਰਾਮ, ਪੱਛਮੀ ਚੰਪਾਰਨ, ਮੁਜ਼ੱਫਰਪੁਰ, ਭਾਗਲਪੁਰ ਤੇ ਮਹਾਰਾਜਗੰਜ ਸੀਟਾਂ ਆਈਆਂ ਹਨ | ਰਾਜਦ ਦੇ ਹਿੱਸੇ ਔਰੰਗਾਬਾਦ, ਗਯਾ, ਜਮੁਈ, ਨਵਾਦਾ, ਸਾਰਣ, ਪਾਟਲੀਪੁੱਤਰ, ਬਕਸਰ, ਉਜਿਯਾਰਪੁਰ, ਜਹਾਨਾਬਾਦ, ਦਰਭੰਗਾ, ਬਾਂਕਾ, ਅਰਰੀਆ, ਮੁੰਗੇਰ, ਸੀਤਾਮੜ੍ਹੀ, ਝੰਝਾਰਪੁਰ, ਮਧੁਬਨੀ, ਸੀਵਾਨ, ਸ਼ਿਵਹਰ, ਵੈਸ਼ਾਲੀ, ਹਾਜੀਪੁਰ, ਸੁਪੌਲ, ਵਾਲਮੀਕੀਨਗਰ, ਪੂਰਬੀ ਚੰਪਾਰਨ, ਪੂਰਨੀਆ, ਮਧੇਪੁਰਾ ਤੇ ਗੋਪਾਲਗੰਜ ਦੀਆਂ ਸੀਟਾਂ ਆਈਆਂ ਹਨ |