ਇਨਕਮ ਟੈਕਸ ਵਿਭਾਗ ਕਾਂਗਰਸ ਤੋਂ ਬਾਅਦ ਸੀ ਪੀ ਆਈ ਦੇ ਪਿੱਛੇ ਪਿਆ

0
169

ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਰਿਟਰਨਾਂ ‘ਚ ਕਥਿਤ ਗੜਬੜੀਆਂ ਲਈ 1823.08 ਕਰੋੜ ਰੁਪਏ ਦੇ ਭੁਗਤਾਨ ਲਈ ਉਸ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ |
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ‘ਤੇ ‘ਟੈਕਸ ਦਹਿਸ਼ਤਗਰਦੀ’ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ | ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਜਿਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਦੇ ਆਧਾਰ ‘ਤੇ ਵੀ ਭਾਜਪਾ ਨੂੰ 4600 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਦਾ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ |
ਮਾਕਨ ਨੇ ਪੱਤਰਕਾਰਾਂ ਨੂੰ ਕਿਹਾ-ਕੱਲ੍ਹ ਸਾਨੂੰ ਆਮਦਨ ਕਰ ਵਿਭਾਗ ਤੋਂ 1823.08 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਵਾਂ ਨੋਟਿਸ ਮਿਲਿਆ ਹੈ | ਪਹਿਲਾਂ ਹੀ ਆਮਦਨ ਕਰ ਵਿਭਾਗ ਨੇ ਸਾਡੇ ਬੈਂਕ ਖਾਤੇ ਤੋਂ ਜ਼ਬਰਦਸਤੀ 135 ਕਰੋੜ ਰੁਪਏ ਕਢਵਾ ਲਏ ਹਨ | ਕਾਂਗਰਸ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ ਜਾ ਰਿਹਾ ਹੈ | ਆਮਦਨ ਕਰ ਅਧਿਕਾਰੀਆਂ ਵੱਲੋਂ 210 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਅਤੇ ਉਸ ਦੇ ਬੈਂਕ ਖਾਤਿਆਂ ਨੂੰ ‘ਫ੍ਰੀਜ਼’ ਕਰਨ ਕਾਰਨ ਕਾਂਗਰਸ ਪਹਿਲਾਂ ਹੀ ਫੰਡ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ |
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੂੰ ਪਿਛਲੇ ਕੁਝ ਸਾਲਾਂ ਦੌਰਾਨ ਇਨਕਮ ਟੈਕਸ ਰਿਟਰਨ ਦਾਖਲ ਕਰਨ ਸਮੇਂ ਪੁਰਾਣੇ ਪੈਨ ਕਾਰਡ ਦੀ ਵਰਤੋਂ ਕਰਨ ਲਈ 11 ਕਰੋੜ ਰੁਪਏ ਦੇ ਬਕਾਇਆਂ ਦਾ ਭੁਗਤਾਨ ਕਰਨ ਲਈ ਆਮਦਨ ਕਰ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ | ਸੂਤਰਾਂ ਮੁਤਾਬਕ ਭੁਗਤਾਨ ਕੀਤੇ ਜਾਣ ਵਾਲੇ ਬਕਾਏ ਵਿਚ ਜੁਰਮਾਨਾ ਤੇ ਵਿਆਜ ਸ਼ਾਮਲ ਹਨ | ਪਾਰਟੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਆਪਣੇ ਵਕੀਲਾਂ ਨਾਲ ਮਸ਼ਵਰਾ ਕਰ ਰਹੀ ਹੈ |
ਉਧਰ ਤਿ੍ਣਮੂਲ ਕਾਂਗਰਸ ਦੇ ਰਾਜਸਭਾ ਸਾਂਸਦ ਸਾਕੇਤ ਗੋਖਲੇ ਨੇ ਕਿਹਾ ਹੈ ਕਿ ਪਿਛਲੇ 72 ਘੰਟਿਆਂ ਵਿਚ ਉਨ੍ਹਾਂ ਨੂੰ ਆਮਦਨ ਕਰ ਵਿਭਾਗ ਨੇ 11 ਨੋਟਿਸ ਜਾਰੀ ਕੀਤੇ ਹਨ | ਇਨ੍ਹਾਂ ਵਿਚ ਕੁਝ ਤਾਂ ਸੱਤ ਸਾਲ ਪੁਰਾਣੇ ਮਾਮਲਿਆਂ ਦੇ ਹਨ | ਮੋਦੀ ਸਰਕਾਰ ਨਿਰਪੱਖ ਤੇ ਆਜ਼ਾਦਾਨਾ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੀ | ਆਪੋਜ਼ੀਸ਼ਨ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਦੋਂ ਈ ਡੀ ਕੁਝ ਨਹੀਂ ਕਰ ਸਕੀ ਤਾਂ ਇਨਕਮ ਟੈਕਸ ਵਿਭਾਗ ਦੀ ਵਰਤੋਂ ਕੀਤੀ ਜਾ ਰਹੀ ਹੈ | ਭਾਜਪਾ ਏਨੀ ਬਦਹਵਾਸ ਕਿਉਂ ਹੋ ਗਈ ਹੈ |

LEAVE A REPLY

Please enter your comment!
Please enter your name here